
-ਮੁਹੰਮਦ ਰਫ਼ੀ, ਮੁਕੇਸ਼ ਤੇ ਮੰਨਾ ਡੇਅ, ਇਨ੍ਹਾਂ ਤਿੰਨਾਂ ਮਹਾਰਥੀਆਂ ਦੇ ਸਮਿਆਂ ਵਿਚ ਇਕ ਖਿੱਚ ਪਾਉਂਦੀ ਅਵਾਜ਼ ਸੀ ਜਿਸ ਦਾ ਨਾਂ ਸੀ ਮਹਿੰਦਰ ਕਪੂਰ। ਉਨ੍ਹਾਂ ਤਕਰੀਬਨ ਪੰਜ ਦਹਾਕੇ ਦੇ ਕੈਰੀਅਰ ਵਿਚ ਰੁਮਾਂਟਕ ਤੇ ਦੇਸ਼ ਭਗਤੀ ਤੇ ਹੋਰ ਕਈ ਤਰ੍ਹਾਂ ਦੇ ਗਾਣਿਆਂ ਨੂੰ ਅਵਾਜ਼ ਦਿਤੀ। ਫਿਲਮ ਨੁਕਤਾਚੀਨ ਅਸ਼ੋਕ ਪੰਡਤ ਨੇ ਕਿਹਾ ਕਿ ਮਹਿੰਦਰ ਕਪੂਰ ਦੀ ਅਵਾਜ਼ ਵਿਚ ਲੋਕ-ਰੰਗ ਸੀ। ਏਸੇ ਕਾਰਨ ਉਨ੍ਹਾਂ ਵਲੋਂ ਗਾਏ ਦੇਸ਼ ਭਗਤੀ ਦੇ ਗਾਣੇ ਲੋਕਾਂ ਦੇ ਦਿਲਾਂ ਦੇ ਲਾਗੇ ਸਨ। ਮਹਿੰਦਰ ਕਪੂਰ ਕੋਲ ਵੱਖਰੀ ਤਰ੍ਹਾਂ ਦੀ ਖਿੱਚ ਸੀ। ਕਪੂਰ ਵਲੋਂ ਗਾਇਆ ਗੀਤ ਮੇਰੇ ਦੇਸ਼ ਕੀ ਧਰਤੀ... ਸੁਣਨ 'ਤੇ ਏਦਾਂ ਲੱਗਦਾ ਹੈ ਜਿਵੇਂ ਠੇਠ ਪੰਜਾਬੀ ਅੰਦਾਜ਼ ਨਾਲ ਹਿੰਦੀ ਬੋਲੀ ਵਿਚ ਗਾਣਾ ਗਾਇਆ ਜਾ ਰਿਹਾ ਹੋਵੇ। ਓਸ ਦੀ ਅਵਾਜ਼ ਵਿਚ ਉਹ ਗੱਲ ਸੀ ਕਿ ਪੰਜਾਬ ਦੇ ਪਿੰਡਾਂ, ਖੇਤਾਂ ਤੇ ਢਾਬਿਆਂ ਤਾਈਂ ਲੈ ਜਾਂਦੀ ਸੀ ਤੇ ਇਹੀ ਕਾਰਨ ਹੈ ਕਿ ਉਨ੍ਹਾਂ ਵਲੋਂ ਗਾਏ ਮੁਲਕਪ੍ਰਸਤੀ ਗੀਤ ਬਹੁਤ ਹਰਮਨ-ਪਿਆਰੇ ਹੋਏ। ਮਨੋਜ ਕੁਮਾਰ ਦੀ ਫਿਲਮ ਉਪਕਾਰ ਦਾ ਗਾਣਾ ਮੇਰੇ ਦੇਸ਼ ਕੀ ਧਰਤੀ, ਪੂਰਬ ਔਰ ਪਸ਼ਚਿਮ ਦਾ ਗਾਣਾ ਭਾਰਤ ਕਾ ਰਹਿਨੇ ਵਾਲਾ ਹੂੰ ਆਦਿ ਮਹਿੰਦਰ ਕਪੂਰ ਵਾਸਤੇ ਲਿਖੇ ਹੀ ਜਾਪਦੇ ਹਨ। ਦਿ ਵਾਈਬ੍ਰੈਂਟ ਵਾਇਸ ਆਫ ਇੰਡੀਆ ਦੇ ਲਕਬ ਨਾਲ ਮਸ਼ਹੂਰ ਮਹਿੰਦਰ ਕਪੂਰ ਪਹਿਲੇ ਭਾਰਤੀ ਪਲੇਅਬੈਕ ਸਿੰਗਰ ਸਨ ਜਿਨ੍ਹਾਂ ਅੰਗਰੇਜ਼ੀ ਵਿਚ ਗੀਤ ਰਿਕਾਰਡ ਕਰਾਇਆ। ਉਨ੍ਹਾਂ ਓ ਸੇਲੀ ਪਲੀਜ਼ ਹੈਲਪ ਮੀ ਤੇ ਆਈ ਐਮ ਫੀਲਿੰਗ ਬਲੂ ... ਗਾ ਕੇ ਨਿਭਾਏ। ਫਿਲਮ ਨੁਕਤਾਚੀਨ ਰਾਮ ਕਿਸ਼ੋਰ ਪਾਰਚਾ ਦਾ ਕਹਿਣਾ ਹੈ, ''ਹਰੇਕ ਗਵੱਈਏ ਦੀ ਅਵਾਜ਼ ਵਿਚਲੀ ਆਪਣੀ ਖ਼ਾਸੀਅਤ ਹੁੰਦੀ ਹੈ ਜਿਹੜੀ ਉਸ ਨੂੰ ਦੂਜਿਆਂ ਤੋਂ ਅੱਡ ਸਥਾਪਤ ਕਰਦੀ ਹੈ। ਇਹ ਵੱਖਰੀ ਅਦਾ ਮਹਿੰਦਰ ਕਪੂਰ ਕਪੂਰ ਕੋਲ ਸੀ। ਉਨ੍ਹਾਂ ਰੂਮਾਨੀ ਤੇ ਮੁਲਕਪ੍ਰਸਤੀ ਦੇ ਗੀਤਾਂ ਵਿਚ ਇਕ ਅਲੱਗ ਕਸ਼ਿਸ਼ ਪੈਦਾ ਕੀਤੀ ਪਰ ਨਾਲ ਹੀ ਗ਼ਜ਼ਲਾਂ ਨੂੰ ਵੀ ਓਨੀਂ ਹੀ ਸ਼ਿੱਦਤ ਨਾਲ ਗਾਇਆ ਜਿਹੜੇ ਵਾਹਵਾ ਹਰਮਨ ਪਿਆਰੇ ਹੋਏ। ਨੁਕਤਾਚੀਨ ਪਾਰਚਾ ਨੇ ਕਿਹਾ ਕਿ ਹਰੇਕ ਅਵਾਜ਼ ਦੀ ਆਪਣੀ ਖ਼ਾਸੀਅਤ ਹੁੰਦੀ ਹੈ ਜੋ ਕਿਸੇ ਕਿਰਦਾਰ, ਗਾਣੇ ਜਾਂ ਫਿਲਮ ਲਈ ਬਿਲਕੁਲ ਮਾਫਕ ਤੇ ਢੁਕਵੀਂ ਹੁੰਦੀ ਹੈ। ਇਸ ਲਈ ਇਹ ਕਹਿਣਾ ਗਲਤ ਹੈ ਕਿ ਗਾਇਕ ਕਰ ਕੇ ਕਿਸੇ ਕਲਾਕਾਰ ਨੂੰ ਫਾਇਦਾ ਜਾਂ ਨੁਕਸਾਨ ਹੁੰਦਾ ਹੈ। ਇਸ ਸਬੰਧ ਵਿਚ ਨੁਕਤਾਚੀਨ ਅਸ਼ੋਕ ਨੇ ਕਿਹਾ ਕਿ ਹਰੇਕ ਕਲਾਕਾਰ ਦੀ ਆਪਣੀ ਖ਼ਾਸੀਅਤ ਹੁੰਦੀ ਹੈ। ਇਸ ਲਈ ਦੋ ਗਾਇਕਾਂ ਜਾਂ ਕਲਾਕਾਰਾਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ। ਮਹਿੰਦਰ ਕਪੂਰ ਦੇ ਗੀਤ ਮੁਹੰਮਦ ਰਫ਼ੀ ਗਾਉਂਦੇ ਤਾਂ ਆਪਣੇ ਅੰਦਾਜ਼ ਨਾਲ ਗਾਉਂਦੇ। ਹਮੇਸ਼ਾ ਚੇਤਿਆਂ 'ਚ ਰਹਿਣਗੇ ਮਹਿੰਦਰ ਕਪੂਰ ਦਾ ਜਨਮ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਵਿਚ ਨੌ ਜਨਵਰੀ 1934 ਨੂੰ ਹੋਇਆ ਸੀ। ਪੰਜ ਦਹਾਕਿਆਂ ਦੇ ਆਪਣੇ ਕੈਰੀਅਰ ਵਿਚ ਉਨ੍ਹਾਂ ਵੱਖ ਵੱਖ ਭਾਸ਼ਾਵਾਂ ਵਿਚ ਤਕਰੀਬਨ 25000 ਗੀਤਾਂ ਨੂੰ ਅਵਾਜ਼ ਦਿੱਤੀ। ਉਨ੍ਹਾਂ ਹਿੰਦੀ ਬੋਲੀ ਤੋਂ ਇਲਾਵਾ ਪੰਜਾਬੀ, ਗੁਜਰਾਤੀ ਤੇ ਮਰਾਠੀ ਬੋਲੀ ਵਿਚ ਗੀਤ ਗਾਏ। ਉਨ੍ਹਾਂ ਨੂੰ ਪਦਮਸ੍ਰੀ ਨਾਲ ਵੀ ਨਵਾਜ਼ਿਆ ਗਿਆ। ਸ਼ੁਰੂਆਤ ਵਿਚ ਉਹ ਮੁਹੰਮਦ ਰਫ਼ੀ ਤੋਂ ਪ੍ਰਭਾਵਤ ਸਨ ਪਰ ਛੇਤੀ ਹੀ ਉਨ੍ਹਾਂ ਪੰਡਤ ਜਗਨ ਨਾਥ ਬਾਸੂ, ਉਸਤਾਦ ਨਿਆਜ਼ ਅਹਿਮਦ ਖਾਨ, ਉਸਤਾਦ ਅਬਦੁਲ ਰਹਿਮਾਨ ਖਾਨ ਤੇ ਪੰਡਤ ਤੁਲਸੀ ਦਾਸ ਸ਼ਰਮਾ ਜਿਹੇ ਸ਼ਾਸਤਰੀ ਸੰਗੀਤ ਦੇ ਉਸਤਾਦਾਂ ਤੋਂ ਸ਼ਾਸਤਰੀ ਸੰਗੀਤ ਸਿੱਖਣਾ ਸ਼ੁਰੂ ਕੀਤਾ। ਉਨ੍ਹਾਂ ਆਪਣਾ ਸਟਾਈਲ ਵਿਕਸਤ ਕੀਤਾ ਤੇ ਮੈਟਰੋ ਮਰਫੀ ਕੁਲ ਹਿੰਦ ਸੰਗੀਤ ਮੁਕਾਬਲੇ ਵਿਚ ਵੀ ਅੱਵਲ ਰਹੇ। ਉਨ੍ਹਾਂ 1958 ਵਿਚ ਵੀ. ਸ਼ਾਂਤਾਰਾਮ ਦੀ ਫਿਲਮ 'ਨਵਰੰਗ' ਵਿਚ ਵੀ ਰਾਮ ਚੰਦ੍ਰ ਜਿਹੇ ਸੰਗੀਤਕਾਰ ਦੀ ਡਾਇਰੈਕਸ਼ਨ ਵਿਚ 'ਆਧਾ ਹੈ ਚੰਦਰਮਾ ਰਾਤ ਆਧੀ' ਗਾਣੇ ਨਾਲ ਸੁਰਾਂ ਦਾ ਸਫਰ ਸ਼ੁਰੂ ਕਰ ਦਿਤਾ। ਉਨ੍ਹਾਂ ਦੇ ਯਾਦਗਾਰ ਗਾਣਿਆਂ ਨਾਲ ਗੁੰਮਰਾਹ ਫਿਲਮ ਦਾ 'ਚਲੋ ਇਕ ਬਾਰ ਫਿਰ ਸੇ ਅਜਨਬੀ ਬਣ ਜਾਏ ਹਮ ਦੋਨੋ', ਹਮਰਾਜ ਦਾ 'ਨੀਲੇ ਗਗਨ ਕੇ ਤਲੇ ਧਰਤੀ ਕਾ ਪਿਆਰ ਪਲੇ'.. ਕਿਸੀ ਪੱਥਰ ਕੀ ਮੂਰਤ ਸੇ... ਤੁਮ ਅਗਰ ਸਾਥ ਦੇਣੇ ਕਾ ਵਾਦਾ ਕਰੋ... ਜਿਹੇ ਕਈ ਗੀਤ ਸ਼ਾਮਲ ਹਨ ਪਰ ਦੇਸ਼ ਮੁਲਕਪ੍ਰਸਤਦੀ ਅਤੇ ਉਨ੍ਹਾਂ ਦੀ ਅਵਾਜ਼ ਇਕ ਦੂਜੇ ਦੇ ਪੂਰਕ ਸਨ। ਉਨ੍ਹਾਂ ਨੂੰ ਫਿਲਮ ਆਦਮੀ ਵਿਚ 'ਕੈਸੀ ਹਸੀਂ ਆਜ ਬਹਾਰੋਂ ਕੀ ਰਾਤ ਹੈ' ਵਿਚ ਆਪਣੇ ਆਦਰਸ਼ ਮੁਹੰਮਦ ਰਫ਼ੀ ਸਾਹਬ ਦੇ ਨਾਲ ਗੀਤ ਗਾਉਣ ਦਾ ਮੌਕਾ ਮਿਲਿਆ। ਇਹੋ ਇਕੋ ਇਕ ਗੀਤ ਹੈ ਜਿਸ ਨੂੰ ਦੋਹਾਂ ਗੁਲੂਕਾਰਾਂ ਨੇ ਰਲ ਕੇ ਗਾਇਆ।
ਅਸਲ ਵਿਚ ਇਹ ਗੀਤ ਮੁਹੰਮਦ ਰਫ਼ੀ ਤੇ ਤਲਤ ਮਹਿਮੂਦ ਦੀ ਅਵਾਜ਼ ਵਿਚ ਰਿਕਾਰਡ ਕੀਤਾ ਗਿਆ ਸੀ ਪਰ ਮਨੋਜ ਕੁਮਾਰ ਨੇ ਆਪਣੇ ਲਈ ਤਲਤ ਮਹਿਮੂਦ ਦੀ ਅਵਾਜ਼ ਨੂੰ ਰੱਦ ਕਰ ਦਿੱਤਾ। ਇਸ ਨੂੰ ਮਹਿੰਦਰ ਕਪੂਰ ਦੀ ਅਵਾਜ਼ ਵਿਚ ਮੁੜ ਤੋਂ ਰਿਕਾਰਡ ਕੀਤਾ ਗਿਆ। ਉਨ੍ਹਾਂ ਬੀ ਆਰ ਚੋਪੜਾ ਦੀ ਧੂਲ ਕਾ ਫੂਲ, ਹਮਰਾਜ, ਗੁਮਰਾਹ, ਵਕਤ, ਧੁੰਧ ਜਿਹੀਆਂ ਫਿਲਮਾਂ ਨੂੰ ਅਵਾਜ਼ ਦਿਤੀ। ਇਸ ਤੋਂ ਇਲਾਵਾ ਉਨ੍ਹਾਂ ਦੀ ਅਵਾਜ਼ ਨਾਲ ਸਜਿਆ ਮਹਾਭਾਰਤ ਲੜੀਵਾਰ ਦਾ ਟਾਈਟਲ ਸੌਂਗ 'ਅਥ ਸ੍ਰੀਮਹਾਭਾਰਤ ਕਥਾ...' ਅੱਜ ਤਕ ਯਾਦਾਂ ਵਿਚ ਤਾਜ਼ਾ ਹੈ। 27 ਸਤੰਬਰ 2008 ਨੂੰ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਪਰ ਭਾਰਤੀ ਫਿਲਮ ਸੰਸਾਰ ਦੇ ਇਕ ਜੁੱਗ ਦਾ ਅਖ਼ੀਰ ਹੋ ਗਿਆ।
-ਭਾਸ਼ਾ