Saturday, 31 December 2011

ਵੱਡੇ ਕਾਰਜ ਕਰ ਵਿਖਾਉਣ ਵਾਲਾ ਨਿੰਦਰ


ਨਿੰਦਰ ਘੁਗਿਆਣਵੀ ਦਾ ਜਨਮ 15 ਮਾਰਚ 1975 ਨੂੰ ਮਾਤਾ ਰੂਪ ਰਾਣੀ ਦੀ ਕੁੱਖੋਂ, ਪਿਤਾ ਰੌਸ਼ਨ ਲਾਲ ਦੇ ਘਰ, ਦਾਦਾ ਅੰਮ੍ਰਿਤ ਲਾਲ ਦੇ ਵਿਹੜੇ, ਪਿੰਡ ਘਗਿਆਣਾ ਵਿਖੇ ਹੋਇਆ। ਭੈਣ ਰਜਿੰਦਰ ਕੌਰ ਦਾ ਵੀਰ ਅਤੇ ਸੁਰਿੰਦਰ ਘੁਗਿਆਣਵੀ ਦਾ ਮਾਂ ਜਾਇਆ, ਮੈਟ੍ਰਿਕ ਕਰਨ ਤੋਂ ਬਾਅਦ ਕੁੱਝ ਸਮਾਂ ਭਾਸ਼ਾ ਵਿਭਾਗ ਵਿੱਚ ਤੇ ਕੁੱਝ ਸਮਾਂ ਅਦਾਲਤ ਵਿੱਚ ਨੌਕਰੀ ਕਰਦਾ ਰਿਹਾ। ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ, ਸੰਤੋਖ ਸਿੰਘ ਧੀਰ ਜਗਦੇਵ ਸਿੰਘ ਜੱਸੋਵਾਲ, ਬਲਵੰਤ ਗਾਰਗੀ ਤੇ ਲਾਲ ਚੰਦ ਯਮਲਾ ਜੱਟ ਦਾ ਪ੍ਰਭਾਵ ਮਨ ਤੇ ਪਾਉਣ ਵਾਲੇ ਨੇ। ਲਾਲ ਚੰਦ ਯਮਲੇ ਜੱਟ ਨੂੰ ਉਸਤਾਦ ਧਾਰ ਲਿਆ। ਰੇਡੀਓ, ਟੈਲੀਵੀਜ਼ਨ ਤੇ ਵੀ ਗਾਉਣ ਲੱਗ ਪਿਆ।

ਨਿੰਦਰ ਘੁਗਿਆਣਵੀ ਦੇ ਕੰਮਾਂ ਵੱਲ ਝਾਤ ਮਾਰੀਏ ਤਾਂ ਹੈਰਾਨ ਰਹਿ ਜਾਈਦਾ ਹੈ। ਸਾਹਿਤ  ਤੇ ਸੱਭਿਆਚਾਰ ਦੇ ਲਈ ਉਸ ਦੇ ਕੀਤੇ ਯਤਨਾਂ ਨੇ ਹੀ ਉਸ ਨੂੰ 12-13 ਸਾਲਾਂ ਵਿੱਚ ਚਾਰੇ ਪਾਸੇ ਬਹੁਤ ਹਰਮਨ ਪਿਆਰਾ ਬਣਾ ਦਿੱਤਾ ਹੈ। ਜਸਵੰਤ ਸਿੰਘ ਕੰਵਲ, ਰਾਮ ਸਰੂਪ ਅਣਖੀ, ਸ਼ਿਵ ਕੁਮਾਰ ਬਟਾਲਵੀ ਦੀ ਤਰ੍ਹਾਂ ਉਸ ਦੇ ਪਾਠਕਾਂ ਦਾ ਘੇਰਾ ਵਿਸ਼ਾਲ ਹੋ ਚੁੱਕਿਆ ਹੈ। ਉਸ ਦੀਆਂ ਲਿਖਤਾਂ ਲੋਕੀਂ ਬੜੇ ਚਾਅ ਨਾਲ ਪੜ੍ਹਦੇ ਹਨ। ਉਸ ਦੀਆਂ ਕਿਤਾਬਾਂ ਦੀ ਮੰਗ ਵੱਧ ਚੁੱਕੀ ਹੈ, ਉਸ ਦੀ ਹਰ ਕਿਤਾਬ ਕਈ-ਕਈ ਐਡੀਸ਼ਨਾਂ ਵਿੱਚ ਛੱਪਦੀ ਹੈ। ਨਿੰਦਰ ਘੁਗਿਆਣਵੀ ਦੀਆਂ ਕਿਤਾਬਾਂ ਦੀ ਗਿਣਤੀ ਕਰੀਏ ਤਾਂ ਬਹੁਤ ਲੰਬੀ ਲਿਸਟ ਬਣ ਚੁੱਕੀ ਹੈ, ਉਸ ਦੀ ਚੌਤੀਂਵੀ ਕਿਤਾਬ ਪਾਠਕਾਂ ਦੇ ਸਨਮੁੱਖ ਹੋ ਚੁੱਕੀ ਹੈ। ਉਹ ਆਪਣੀ ਉਮਰ
ਤੋਂ ਵੱਧ ਕਿਤਾਬਾਂ ਦੀ ਗਿਣਤੀ ਵਧਾ ਚੁੱਕਾ ਹੈ।
‘ਗੋਧਾ ਅਰਦਲੀ’ (ਨਾਵਲੈਟ) ਮੈਂ ਸਾਂ ਜੱਜ ਦਾ ਅਰਦਲੀ (ਆਪ ਬੀਤੀ) ਮਾਨ ਪੰਜਾਬ ਦੇ (ਰੇਖਾ ਚਿੱਤਰ) ਸੱਚੇ ਦਿਲੋਂ (ਵਾਰਤਕ) ਵੇਲੇ ਕੁਵੇਲੇ (ਸਾਹਿਤਕ ਲੇਖ) ਮੇਰਾ ਰੇਡੀਓ ਨਾਮਾ (ਯਾਦਾਂ) ਸਿਵਿਆਂ ਵਿੱਚ ਖਲੋਤੀ ਬੇਰੀ, ਲਲਿਤ ਨਿਬੰਧ। ਤੁੰਬੀ ਦੇ ਵਾਰਸ (ਜੀਵਨੀਆਂ) ਮੇਰੀ ਅਮਰੀਕਾ ਫੇਰੀ ਸਫਰਨਾਮਾ, ਸਾਜਣ ਮੇਰੇ ਰਾਂਗਲੇ, (ਵਾਰਤਕ) ਅਮਰ ਆਵਾਜ਼, ਜੀਵਨੀ ਲਾਲ ਚੰਦ ਯਮਲਾ ਜੱਟ, ਕੁੱਲੀ ਵਾਲਾ ਫਕੀਰ, (ਜੀਵਨੀ ਪੂਰਨ ਸ਼ਾਹਕੋਟੀ) ਗੁਰਚਰਨ ਸਿੰਘ ਵਿਰਕ, ਜੀਵਨ ਤੇ ਕਲਾ,  ਕਰਨੈਲ ਸਿੰਘ ਪਾਰਸ ਰਾਮੂਵਾਲੀਆ, ਜੀਵਨ ਅਤੇ ਰਚਨਾ, ਜਗਦੇਵ ਸਿੰਘ ਜੱਸੋਵਾਲ, (ਜੀਵਨ ਤੇ ਸਖਸ਼ੀਅਤ) ਪੰਜਾਬ ਦੀ ਕੋਇਲ ਸੁਰਿੰਦਰ ਕੌਰ (ਜੀਵਨ ਤੇ ਕਲਾ) ਲੋਕ ਗਾਇਕ (ਜੀਵਨੀਆਂ) ਸਾਡੀਆਂ ਲੋਕ ਗਾਇਕਾਵਾਂ (ਰੇਖਾ ਚਿਤੱਰ) ਭੁੱਲੇ ਵਿਸਰੇ  (ਲੋਕ ਗਾਇਕ) ਸਾਰੰਗੀ ਦੀ ਹੂਕ ਨਿਬੰਧ, ਵੱਖਰੇ ਰੰਗ ਵਲੈਤ ਦੇ, (ਸਫਰਨਾਮਾ) ਸੁਰਮੰਡਲ ਦੀ ਮੌਤ, (ਸ਼ਰਧਾਂਜਲੀ ਡਾ. ਸੰਜੇ ਬਲਰਾਜ) ਲੋਕ ਗੀਤ ਵਰਗਾ ਹੰਸ, (ਹੰਸ ਰਾਜ ਹੰਸ ਬਾਰੇ) ਵੱਡਮੁੱਲਾ ਪਾਰਸ, ਇੱਕ ਸੀ ਬਲਵੰਤ ਗਾਰਗੀ। (ਲੇਖ ਤੇ ਰੇਖਾ ਚਿੱਤਰ)। ਸ਼ਿਵ ਕੁਮਾਰ ਬਟਾਲਵੀ (ਜੀਵਨ ਅਤੇ ਯਾਦਾਂ) ਹਰਨਾਮ ਦਾਸ ਸਹਿਾਰਈ-ਜੀਵਨ ਤੇ ਸਖਸ਼ੀਅਤ (ਲੇਖ) ਮੋਹਨ ਸਪਰਾ ਦੀਆਂ ਕਵਿਤਾਵਾਂ ਸੁਰਾਂ ਦੇ ਪੁਜਾਰੀ, ਸ਼ਹੀਦੇ ਆਜਮ ਭਗਤ ਸਿੰਘ, ਇਤਿਹਾਸ ਦੇ ਖਾਲੀ ਪੰਨੇ, ਚੋਣਵੇਂ ਗੀਤ ਯਮਲਾ ਜੱਟ (ਸੰਪਾਦਿਤ) ਆਦਿ ਉਸਦੀਆਂ ਲਿਖੀਆਂ ਪੁਸਤਕਾਂ ਹਨ।
ਨਿੰਦਰ ਘੁਗਿਆਣਵੀ ਹੋਰ ਮੈਗਜ਼ੀਨਾਂ, ਅਖਬਾਰਾਂ ਵਿੱਚ ਕਾਲਮ ਲਿਖਦਾ ਰਿਹਾ ਅਤੇ ਲੇਖ ਰਿਹਾ ਹੈ। ਰਾਮਗੜ੍ਹੀਆ ਮੰਚ ਸਪਤਾਹਿਕ ਉਰਲੀਆਂ-ਪਰਲੀਆਂ 1998 ਤੋਂ 2000 ਤੱਕ ਮਿਊਜਿਕ ਟਾਈਮਜ਼ ਮਾਸਿਕ ਕੁੱਝ ਕਿਹਾ ਤਾਂ 1997 ਤੋਂ 2003 ਅਜੀਤ ਵੀਕਲੀ (ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਤੋਂ ਪ੍ਰਕਾਸ਼ਤ) ਬਾਵਾ ਬੋਲਦਾ ਹੈ, 2001 ਤੋਂ ਚਾਲੂ ਜਗਬਾਣੀ ਲਈ ਨੇੜੇ-ਤੇੜੇ ਅਤੇ ਦੇਖਿਆ ਸੁਣਿਆ ਦੇਸ਼ ਸੇਵਕ ਵਿੱਚ ਅੱਖਰ ਦੇਣ ਆਵਾਜ਼ਾਂ ਚਾਲੂ ਹੈ। ਅਜੀਤ, ਪੰਜਾਬੀ ਟ੍ਰਿਬਿਊਨ ਤੇ ਹੋਰ ਰਸਾਲਿਆਂ ਵਿੱਚ ਉਸ ਦੀਆਂ ਰਚਨਾਵਾਂ ਆਮ ਹੀ ਪੜ੍ਹਨ ਨੂੰ ਮਿਲਦੀਆਂ ਹਨ।
ਨਿੰਦਰ ਘੁਗਿਆਣਵੀ ਦਾ ਰੇਡੀਓ ਕਾਰਜ ਅਤੇ ਲੇਖਕ ਦੇਸੀ ਰੇਡੀਓ ਸਾਊਥਹਾਲ ਲਈ 50 ਦਸਤਾਵੇਜ਼ੀ ਸੰਗੀਤਕ ਫੀਚਰਾਂ ਦਾ ਨਿਰਮਾਣ, ਰੇਡੀਓ ਟੋਰਾਂਟੋ ਪੰਜਾਬ ਦੀ ਗੂੰਜ ਲਈ ਤਬਸਰ ਪੇਸ਼ਕਾਰ ਅਤੇ ਨਿਊਜ਼ ਬਰਾਡਕਾਸਟਰ ਵੱਜੋਂ ਕਾਰਜ 2001 ਤੋਂ 2002 ਤੱਕ ਅਕਾਸ਼ਵਾਣੀ ਦੇ ਪਰੋਗਰਾਮ ਅੱਜ ਦੀ ਗੱਲ ਤੋਂ ਇਲਾਵਾ ਲੋਕ ਗਾਇਕਾਂ, ਗਦਰੀ ਬਾਬਿਆਂ, ਲੇਖਕਾਂ ਅਤੇ ਵੱਖ-ਵੱਖ ਖੇਤਰਾਂ ਦੀਆਂ ਉੱਘੀਆਂ ਸਖਸ਼ੀਅਤਾਂ ਸਬੰਧੀ ਦਸਤਾਵੇਜੀ ਫੀਚਰ ਤਿਆਰ ਕੀਤੇ। ਪ੍ਰਦੇਸੀ ਰੇਡੀਓਟੋਰਾਂਟੋ ਅਤੇ ਗੀਤ-ਸੰਗੀਤ ਰੇਡੀਓ, ਵਾਸਟਿਨ-ਵਿਲ, ਕੈਲੇਫੋਰਨੀਆ, ਲਈ ਤਬਸਰਾ ਵਾਚਕ ਵੱਜੋਂ ਕਾਰਜ ਅਤੇ ਦੋ ਦਰਜਨਾਂ ਤੋਂ ਵੱਧ ਲੋਕ ਗਾਇਕਾਂ ਸੰਬਧੀ ਸੰਗੀਤ ਰੂਪਕਾਂ ਅਤੇ ਪ੍ਰੋਗਰਾਮਾਂ ਦੀ ਪੇਸ਼ਕਾਰੀ, ਦੂਰਦਰਸ਼ਨ ਕੇਂਦਰ ਜਲੰਧਰ ਤੋਂ ਲੋਕ ਸੁਰ ਯੁਵਾ ਯੁਵੀ ਕਵੀ ਸਭਾ ਅਤੇ ਨਵਰੰਗ ਪ੍ਰੋਗਰਾਮ ਦਾ ਲੇਖਕ  ਅਤੇ ਪੇਸ਼ਕਾਰੀ ਏ.ਬੀ.ਸੀ. ਰੇਡੀਓ ਟੋਰਾਂਟੋ (ਕੈਨੇਡਾ) ਲਈ ਫੀਚਰ, ਤਬਸਰਾ ਲੇਖਕ ਕਾਰਜ ਅਤੇ ਪ੍ਰੋਗਰਾਮ ਕੁੱਝ ਗੱਲਾਂ-ਕੁੱਝ ਗੀਤ ਦੀ ਪੇਸ਼ਕਾਰੀ ਅਤੇ ਅਜੀਤ ਵੀਕਲੀ ਸਮੇਤ ਏਸ਼ੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਟੋਰਾਂਟੋ ਲਈ ਸੀਨੀਅਰ ਸਟਾਫਰ ਵੱਜੋਂ ਪ੍ਰਸਾਰਨ ਕਾਰਜ ਕੀਤਾ।
ਨਿੰਦਰ ਘੁਗਿਆਣਵੀ ਦੀਆਂ ਪ੍ਰਾਪਤੀਆਂ ਦੀ ਲਿਸਟ ਕਾਫੀ ਵੱਡੀ ਹੈ, ਜਿਨ੍ਹਾਂ ਵਿੱਚ ਨਿੰਦਰ ਦੇ ਮੈਂ ਸਾਂ ਜੱਜ ਦਾ ਅਰਦਲੀ ਪੁਸਤਕ ਉੱਤੇ ਅਧਾਰਿਤ ਰੇਡੀਓ ਰੂਪਾਂਤਰ ਦਾ ਨਿਰਮਾਣ (ਵੱਲੋਂ ਏਸ਼ੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਟੋਰਾਂਟੋ) ਅਤੇ ਪੰਜਾਬੀ ਯੂਨੀਵਰਸਿਟੀ  ਪਟਿਆਲਾ ਵੱਲੋਂ ਸਾਲ 2004-05 ਦੇ ਐੱਮ.ਫਿਲ ਲਈ ਦੂਜੇ ਸਮੈਸਟਰ ਦੌਰਾਨ ਵਿਦਿਆਰਥੀ ਵੱਲੋਂ ਖੋਜ ਪੱਤਰ ਲਿਖਿਆ ਗਿਆ ਅਤੇ ਟੈਲੀ ਫਿਲਮ ਜੱਜ ਦਾ ਅਰਦਲੀ ਦਾ ਨਿਰਮਾਣ,  ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਵੀਹਵੀ ਸਦੀ ਦੀ ਚੋਣਵੀਂ ਵਾਰਤਕ ਪੁਸਤਕ ਵਿੱਚ ਪ੍ਰਤੀਨਿਧ ਵਾਰਤਕ ਰਚਨਾ ਸ਼ਾਮਲ ਕੀਤੀ ਗਈ। ਭਾਸ਼ਾ ਵਿਭਾਗ ਪੰਜਾਬ ਦੁਆਰਾ ਪ੍ਰਕਾਸ਼ਿਤ ਪੰਜਾਬ ਕੋਸ਼ ਵਿੱਚ ਲਾਲ ਚੰਦ ਯਮਲ ਜੱਟ ਅਤੇ ਕਰਨੈਲ ਪਾਰਸ ਬਾਰੇ ਲਿਖੇ ਵਿਸ਼ੇਸ਼ ਇੰਚਾਰਜ ਸ਼ਾਮਲ ਕੀਤੇ ਗਏ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਵਿਸ਼ਵ ਬਾਲ ਕੋਸ਼ ਵਿੱਚ ਨੁਸਰਤ ਫਤਹਿ ਅਲੀ ਖਾਂ, ਮਾਸਟਰ ਮਦਨ, ਲਤਾ ਮੰਗੇਸ਼ਕਰ, ਉਸਤਾਦ ਬਿਸਮਿਲਾ ਖਾਂ ਸ਼ਾਮਲ ਕੀਤੇ ਗਏ। ਗੁਰੂ ਨਾਨਕ ਦੇਵ ਯੂਨੀਵਰਸਿਟੀ  ਅੰਮ੍ਰਿਤਸਰ ਵੱਲੋਂ ਪੁਸਤਕ ਲੋਕ ਗਾਇਕ ਦੀ ਪ੍ਰਕਾਸ਼ਨਾ ਸਾਲ 2005 ਵਿੱਚ ਪੰਜਾਬੀ ਯੂਨੀਵਰਸਿਟੀ ਵੱਲੋਂ ਇੱਕ ਸੀ ਬਲਵੰਤ ਗਾਰਗੀ ਪੁਸਤਕ ਐੱਮ.ਏ. ਪੰਜਾਬੀ ਦੇ ਸਿਲੇਬਸ ਲਈ ਸਹਾਇਕ ਪੁਸਤਕ ਵੱਜੋਂ ਸ਼ਾਮਲ, ਭਾਸ਼ਾ ਵਿਭਾਗ ਪੰਜਾਬ ਪਟਿਆਲਾ ਵੱਲੋਂ ਸੁਰਿੰਦਰ ਕੌਰ ਜੀਵਨ ਤੇ ਕਲਾ ਪੁਸਤਕ ਦੀ ਪ੍ਰਕਾਸ਼ਨਾ, ਪੰਜਾਬੀ ਯੂਨੀਵਰਸਿਟੀ ਵੱਲੋਂ ਪੁਸਤਕ ਸਾਡੀਆਂ ਲੋਕ ਗਾਇਕਾਵਾਂ ਦੀ ਪ੍ਰਕਾਸ਼ਨਾ 2008 ਵਿੱਚ ਸਾਲ 1999 ਤੋਂ 2006 ਤੱਕ ਚੋਣਵੇਂ ਹਾਸ ਵਿਅੰਗ ਦੀਆਂ ਸੱਤ ਪੁਸਤਕਾਂ ਵਿੱਚ (ਨੈਸ਼ਨਲ ਬੁੱਕ ਸ਼ਾਪ ਦਿੱਲੀ ਵੱਲੋਂ) ਰਚਨਾਵਾਂ ਸ਼ਾਮਲ ਵੱਖ-ਵੱਖ 50 ਪੁਸਤਕਾਂ ਵਿੱਚ ਲੇਖ ਭੂਮਿਕਾਵਾਂ ਅਤੇ ਰਚਨਾਵਾਂ ਸ਼ਾਮਲ (ਅੰਗਰੇਜ਼ੀ ਵਿੱਚ ਅਨੁਵਾਦ) ਐੱਮ.ਐੱਲ.ਸ਼ਰਮਾ ਦੁਆਰਾ ਆਦਿ। ਨਿੰਦਰ ਘੁਗਿਆਣਵੀ ਨੇ 2005 ਵਿੱਚ ਲੰਡਨ ਦੇ ਪਾਰਲੀਮੈਂਟ ਹਾਊਸ ਵਿਖੇ ਮਹਾਰਾਜਾ ਰਣਜੀਤ ਸਿੰਘ ਯਾਦਗਾਰੀ ਸੈਮੀਨਾਰ ਵਿੱਚ ਹਾਸ਼ਮ ਦੀ ਸੱਸੀ ਦਾ ਗਾਇਨ ਕਮਾਲ ਦਾ ਕਰ, ਵਾਹ-ਵਾਹ ਖੱਟਣ ਵਾਲੇ ਨਿੰਦਰ ਨੇ ਟੈਲੀਫਿਲਮ ਟੱਬਰ ਸ਼ੇਖਚਿਲੀਆਂ ਦਾ ਵਿੱਚ ਮੁੱਖ ਕਲਾਕਾਰ ਵੱਜੋਂ ਭੂਮਿਕਾ ਨਿਭਾਈ।
ਨਿੰਦਰ ਘੁਗਿਆਣਵੀ ਦੀਆਂ ਅਹੁਦੇਦਾਰੀਆਂ ਸਾਬਕਾ ਮੈਂਬਰ  ਰਾਜ ਸਲਾਹਕਾਰ ਬੋਰਡ (ਭਾਸ਼ਾ ਵਿਭਾਗ ਪੰਜਾਬ ਸਰਕਾਰ), ਮੈਂਬਰ ਜਿਲ੍ਹਾ ਭਾਸ਼ਾ ਵਿਕਾਸ ਕਮੇਟੀ (ਪੰਜਾਬ ਸਰਕਾਰ), ਸਰਪ੍ਰਸਤ ਯਮਲਾ ਜੱਟ, ਟਰੱਸਟ ਫਰਿਜਨੋਂ (ਕੈਲੇਫੋਰਨੀਆ) ਸਾਬਕਾ ਪ੍ਰਧਾਨ ਸਕੱਤਰ (ਸਾਹਿਤ ਸਭਾ ਘਗਿਆਣਾ) ਪ੍ਰਧਾਨ, ਵੈਲਕਮ ਕਲੱਬ ਸਾਦਿਕ, ਮੈਂਬਰ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ. ਆਦਿ। ਨਿੰਦਰ ਘੁਗਿਆਣਵੀ ਬਹੁਤ ਦੂਰ ਤੱਕ ਘੁੰਮ ਆਇਆ ਹੈ। ਜਿਵੇਂ ਕੈਨੇਡਾ ਤਿੰਨ ਵਾਰ ਅਮਰੀਕਾ ਇੱਕ ਵਾਰ ਫਿਰ ਇੱਕ ਵਾਰ ਇੰਗਲੈਂਡ ਅਤੇ ਇੱਕ ਵਾਰ ਆਸਟ੍ਰੇਲੀਆ ਵੀ ਜਾ ਆਇਆ ਹੈ। ਹੁਣ ਨਿੰਦਰ ਲਈ ਵਿਦੇਸ਼ ਤਾਂ ਪਿੰਡ ਦੀ ਨਿਆਈ ਹੈ। ਵਿਦੇਸ਼ਾਂ ਵਿੱਚ ਵੀ ਉਸ ਦੇ ਪਾਠਕਾਂ ਦਾ ਘੇਰਾ ਵਿਸ਼ਾਲ ਹੈ। ਉਨ੍ਹਾਂ ਮਾਣ-ਸਨਮਾਨ ਨਿੰਦਰ ਨੂੰ ਅਜੇ ਆਪਣੇ ਘਰੋਂ ਮਤਲਬ ਪੰਜਾਬ ਵਿੱਚੋਂ ਨਹੀਂ ਮਿਲਿਆ, ਜਿਨ੍ਹਾਂ ਉਸ ਦੇ ਕਾਰਜਾਂ ਲਈ ਮਿਲਣਾ ਚਾਹੀਦਾ ਹੈ, ਪਰ ਵਿਦੇਸ਼ਾਂ ਵਿੱਚੋਂ ਉਸ ਨੂੰ ਬਹੁਤ ਮਾਣ-ਸਨਮਾਨ ਮਿਲਿਆ ਹੈ।
-Dashan singh Preetiman

Friday, 30 December 2011

ਵਿਚਾਰਵਾਦ ਨੂੰ ਤਰਸ ਰਿਹਾ ਸਮਾਜਵਾਦ

ਵਿਚਾਰਵਾਦ ਨੂੰ ਤਰਸਦੇ ਭਾਰਤੀ ਕਮਿਊਨਿਸਟ
-ਚੋਟੀ ਦੇ ਵਿਦਵਾਨ ਕਾਰਲ ਮਾਰਕਸ ਨੇ ਕਿਹਾ ਸੀ ਕਿ ਇਕ ਦਿਨ ਸਟੇਟ (ਰਾਜਭਾਗ) ਵੀ ਨਹੀਂ ਰਹਿਣੀ ਤੇ ਕਮਿਊਨ ਆ ਜਾਣੈ, ਫੇਰ  ਇਕ ਦਿਨ ਕਮਿਊਨ ਵੀ ਨਹੀਂ ਰਹਿਣਾ ਤੇ ਇਜ਼ਮ (ਵਾਦ) ਰਹਿ ਜਾਵੇਗਾ ਤੇ ਇਕ ਦਿਨ ਵਾਦ ਵੀ ਨਹੀਂ ਰਹਿਣਾ ਸਗੋਂ ਮੈਂ ਵੀ ਨਹੀਂ ਰਹਾਂਗਾ ਪਰ ਕਮਿਊਨ ਰਹਿ ਜਾਵੇਗਾ। ਇਸ ਕਮਿਊਨ ਜਾਂ ਸਮੂਹਕ ਰਹਿਣ ਸਹਿਣ ਨੂੰ ਮਾਰਕਸ ਨੇ ਕਮਿਊਨ ਵਜੋਂ ਪਰਭਾਸ਼ਤ ਕੀਤਾ। ਇਸੇ ਕਮਿਊਨ ਦੀ ਮੰਜ਼ਲ ਕਰ ਕੇ ਕਮਿਊਨ ਲਿਆਉਣ ਲਈ ਸੰਘਰਸ਼ ਕਰ ਰਹੇ ਸਿਆਸੀ ਮਿਸ਼ਨਰੀ ਨੂੰ 'ਕਮਿਊਨ ਇਸਟ' ਜਾਂ ਕਮਿਊਨਿਸਟ ਕਿਹਾ ਜਾਂਦਾ ਹੈ ਭਾਵ ਕਮਿਊਨ ਜਿਹਦਾ ਸਿਆਸੀ ਇਸ਼ਟ ਹੋਵੇ ਉਹ ਹੈ ਕਮਿਊਨਿਸਟ..। 
ਪਰ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਜੇ ਮਾਰਕਸ ਦੀ ਸੋਚ ਵੀ ਆਦਰਸ਼ਵਾਦੀ ਹੈ ਤਾਂ ਫੇਰ ਫ਼ਲਸਫ਼ਾ ਕਿਹਨੂੰ ਕਹਾਂਗੇ? ਮਾਰਕਸ ਦਾ ਆਦਰਸ਼ਵਾਦ ਤਾਂ ਇਵੇਂ ਲੱਗਦਾ ਹੈ ਕਿ ਜਿਵੇਂ ਕੋਈ ਪੁਰਾਤਨ ਰਾਜੇ ਦਾ ਰਾਜਭਾਗ ਲਿਆਉਣ ਦੀ ਗੱਲ ਹੋ ਰਹੀ ਹੋਵੇ।  ਅਸਲ ਵਿਚ ਮਾਰਕਸ ਦੇ ਸਿਧਾਂਤ ਨਰਮ ਤੇ ਸਾਹਿਤਕ ਸ਼ਬਦਾਵਲੀ ਵਾਲੇ ਹਨ ਅਤੇ ਡੌਗਮਾ (ਜੜ੍ਹ ਵਿਚਾਰ) ਹੁੰਦੇ ਹੋਏ ਵੀ ਤਬਦੀਲੀ ਪਸੰਦ  ਹਨ ਕਿ ਮਾਰਕਸ ਦਾ ਇਤਿਹਾਸਕ ਆਦਰਸ਼ਵਾਦ ਕਿਸੇ ਵੀ ਹਾਲਤ ਵਿਚ 'ਆਦਰਸ਼ਵਾਦ' ਵਰਗੇ ਦਕੀਆਨੂਸੀ ਸੰਕਲਪ ਵਿਚ ਬੰਨ੍ਹਿਆ ਹੀ ਨਹੀਂ ਜਾ ਸਕਦਾ। ਜਿਵੇਂ ਇਕ ਮਿਸਾਲ ਲੈ ਲਓ ਕਿ ਮਾਰਕਸ ਨੇ ਨਾ ਤਾਂ ਮੀਟ, ਆਂਡੇ ਖਾਣ ਲਈ ਕਿਹਾ ਹੈ ਤੇ ਨਾਂ ਹੀ ਛੱਡਣ ਲਈ ਕਿਹਾ ਹੈ। ਨਾਂ ਤਾਂ ਕੋਈ ਰਟਣ ਮੰਤਰ ਜਪਣ ਲਈ ਕਿਹਾ ਹੈ ਤੇ ਨਾ ਹੀ ਜਪਣ ਤੋਂ ਦੂਰ ਰਹਿਣ ਲਈ ਕਿਹਾ ਹੈ। ਮਾਰਕਸਵਾਦ ਕੋਈ ਰਟਣ ਮੰਤਰ ਨਹੀਂ ਤੇ ਨਾ ਹੀ ਭਾਈਚਾਰਕ ਵਿਖਾਵੇ ਦੀ ਕਿਰਿਆ ਸਗੋਂ ਮਾਰਕਸਵਾਦ ਸ਼ੁੱਧ 'ਵਿਚਾਰਵਾਦ' ਹੈ। ਵਿਚਾਰ ਤੋਂ ਭਾਵ ਥੌਟ ਵੀ ਹੁੰਦਾ ਹੈ ਤੇ ਵਿਚਾਰ ਦਾ ਭਾਵ ਆਈਡੀਆ ਵੀ ਹੁੰਦਾ ਹੈ। ਸਮਾਜਕ ਤੇ ਆਰਥਕ ਦੁੱਖਾਂ ਦੇ ਭੰਨੇ ਬੰਦੇ ਦੇ ਮਨ ਵਿਚ ਅਨੇਕਾਂ ਸੰਸੇ, ਅਨੇਕਾਂ ਡਰ ਤੇ ਅਨੇਕਾਂ 'ਵਿਚਾਰ' ਹੁੰਦੇ ਹਨ ਪਰ ਉਹ ਵਿਚਾਰ, ਅਸਲ ਵਿਚ ਚਿੰਤਾ ਤੋਂ ਉਪਜੀਆਂ ਮਾਨਸਕ ਤਰੰਗਾਂ ਹੁੰਦੀਆਂ ਹਨ। ਪਰ ਚਿੰਤਾ ਤੋਂ ਬਾਹਰ ਆਉਣਾ ਜਾਂ ਚਿੰਤਾ ਦੂਰ ਕਰਨ ਦੇ ਉਪਾਅ ਸੋਚਣੇ ਤੇ ਅਮਲ ਕਰਨਾ ਇਹ ਸਭ ਆਈਡੀਏ ਜਾਂ 'ਅਸਲੀ ਵਿਚਾਰ' ਨੂੰ ਪਰਭਾਸ਼ਤ ਕਰਦਾ ਹੈ। ਜੇ ਕੋਈ ਸਾਡੀ ਪੁਰਾਤਨ ਪਸੰਦ ਭਾਰਤੀ ਸੰਸਕ੍ਰਿਤੀ ਤੋਂ ਪ੍ਰਭਾਵਤ 'ਭਰਾ' ਮਾਰਕਸਵਾਦ ਨੂੰ ਵੀ ਕਿਸੇ ਪੁਰਾਣੇ ਮਰਿਆਦਤ ਰਾਜੇ ਦੇ ਮਿਸਾਲੀ ਆਦਰਸ਼ਵਾਦ ਵਾਂਗ ਹੀ ਸਮਝਦਾ ਹੈ ਤਾਂ ਉਹ ਕਿਰਪਾ ਕਰਕੇ ਸਿਆਣੇ ਕਮਿਊਨਿਸਟਾਂ ਨੂੰ ਲੱਭੇ ਜਾਂ ਖੁਦ ਮਾਰਕਸ ਦੀਆਂ ਲਿਖਤਾਂ ਵਿਚੋਂ ਦੀ ਲੰਘੇ। ਭਾਰਤੀ ਕਮਿਊਸਿਨਟਾਂ ਦੀ ਕਮਿਊਨਇਜ਼ਮ ਵਾਸਤੇ ਪ੍ਰੀਬੱਧਤਾ ਘੱਟ ਨਹੀਂ ਅੰਗੀ ਜਾ ਸਕਦੀ ਅਸਲ ਵਿਚ ਭਾਰਤੀ ਧਰਮ ਬਾਰੇ ਮਾਓ ਨੇ ਇਕ ਵਾਰ ਟਿਪਣੀ ਕੀਤੀ ਸੀ, ਬਈ, ''ਭਾਰਤੀ ਧਰਮ ਅਸਲ ਵਿਚ ਧਰਮ ਹੀ ਨਹੀਂ ਨੇ''। ਇਸ ਤੋਂ ਪਤਾ ਲੱਗਦਾ ਹੈ ਕਿ ਚੀਨ ਵਿਚ ਚੀਨੀ ਜਨਤਾ ਦੇ ਸੁਭਾਅ, ਭੁਗੋਲਿਕ ਹਾਲਾਤ ਤੇ ਹੋਰ ਸਥਿਤੀਆਂ ਨੂੰ ਵੀਚਾਰ ਕੇ ਇਨਕਲਾਬ ਲਿਆਉਣ ਵਾਲਾ ਮਾਓ ਭਾਰਤੀ ਪੁਜਾਰੀਵਾਦ ਦੇ ਆਦਰਸ਼-ਜਾਲ ਤੋਂ ਚੰਗੀ ਤਰ੍ਹਾਂ ਜਾਣੂ ਸੀ। ਮਾਓ ਵਲੋਂ ਇੰਨਾ ਕਹਿਣਾ ਕਿ ''ਭਾਰਤੀ ਧਰਮ ਅਸਲ ਵਿਚ ਧਰਮ ਹੈ ਹੀ ਨਹੀਂ ਹਨ''। -ਇਹ ਟਿਪਣੀ ਵੱਡੀ ਵਿਆਖਿਆ ਵੱਲ ਇਸ਼ਾਰਾ ਕਰਦੀ ਹੈ ਕਿ ਮਾਓ ਜਾਣ ਚੁੱਕਾ ਸੀ ਕਿ ਜਿਵੇਂ ਬੁਧ ਧਰਮ  ਦੇ ਪੁਜਾਰੀ ਨੇ ਇਸ ਫ਼ਲਸਫ਼ੇ ਨੂੰ ਟੱਲੀਆਂ ਖੜਕਾਉਣ ਤਕ ਮਹਿਦੂਦ ਕੀਤਾ ਹੋਇਆ ਹੈ ਇਵੇਂ ਹੀ ਭਾਰਤ ਦੇ ਪੁਜਾਰੀ ਤਬਕੇ ਦੀ ਹਾਲਤ ਤਾਂ ਬੁੱਧ ਧਰਮ ਤੋਂ ਕਿਤੇ ਮਾੜੀ ਹੈ। ਜਾਤ ਪਾਤ ਜਨਮ ਨਾਲ ਸਬੰਧਤ ਹੈ ਤੇ ਬਦਲੀ ਨੀਂ ਜਾ ਸਕਦੀ। ਬੰਦਿਆਂ ਦੇ ਕੰਮ ਤੇ ਕਿੱਤੇ ਵੀ ਤਕਰੀਬਨ ਜਨਮ ਤੋਂ ਵੰਡੇ ਹਨ ਹਾਂ ਹੁਣ ਭਾਵੇਂ ਨਵੀਂ ਚੇਤਨਾ ਮੁਜਬ ਲੋਕ ਕਿੱਤੇ ਤੇ ਸੁਭਾਅ ਬਦਲ ਰਹੇ ਹਨ ਜਿਸ ਕਰਕੇ ਜਾਤ-ਗੋਤ ਪਰਗਟ ਕਰਨ ਤੇ ਲੁਕਾਅ ਕੇ ਰੱਖਣ ਦਾ ਰੁਝਾਨ ਪਰਗਟ ਹੋਇਆ। ਮਾਰਕਸ ਨੇ ਜਿਨ੍ਹਾਂ ਦੁਖੀ ਸਮਾਜਾਂ ਵਿਚ ਇਨਕਲਾਬ ਲਿਆਉਣ ਦਾ ਆਈਡੀਆ ਫੈਲਾਇਆ ਸੀ ਓਥੇ ਆਰਥਕ ਜਮਾਤਾਂ ਸਨ,  ਆਹ ਜਾਤ ਵਾਲਾ ਜਨਮਜਾਤ ਪੰਗਾ ਓਥੇ ਨਹੀਂ ਸੀ। ਮਾਰਕਸ ਅਸਲ ਵਿਚ ਕਮਿਊਨਇਜ਼ਮ ਦਾ ਵਿਚਾਰ 'ਦਾਤਾ' ਹੈ ਨਾ ਕਿ ਆਦਰਸ਼ਵਾਦੀ ਕਥੱਕੜ। ਆਦਰਸ਼ਵਾਦ ਤੋਂ ਤਾਂ ਇਵੇਂ ਜਾਪਦਾ ਹੈ ਕਿ ਜਿਵੇਂ ਕਿਸੇ ਫਰੇਮ ਵਿਚ ਬੱਝ ਕੇ ਬੰਦੇ ਨੇ ਕੰਮ ਕਰਨਾ ਹੈ ਤੇ ਉਸ ਦੀ ਯੂਨੀਫਾਰਮ, ਉਸ ਦੀ ਸ਼ਬਦਾਵਲੀ ਉਸ ਨੇ ਕਿਵੇਂ ਉਠਣਾ ਬੈਠਣਾ ਹੈ, ਬਾਰੇ ਮਾਰਕਸ ਨੇ ਕੋਈ ਆਦਰਸ਼ ਮਿੱਥ ਦਿੱਤਾ ਹੈ ਪਰ ਸੱਚਾਈ ਇਹ ਹੈ ਕਿ ਮਾਰਕਸਵਾਦ ਬੰਦੇ ਨੂੰ ਸਹਿਜ ਹੋਣ ਵੱਲ ਪ੍ਰੇਰਿਤ ਕਰਦਾ ਹੈ। ਮਾਰਕਸੀ ਕਾਰਕੁੰਨ ਦੀ ਕੋਈ ਪੱਕੀ ਯੂਨੀਫਾਰਮ ਨਹੀਂ ਹੁੰਦੀ ਤੇ ਨਾਂ ਹੀ ਉਸ ਨੇ ਕੀ ਖਾਣਾ ਹੈ ਤੇ ਕੀ ਨਹੀਂ ਖਾਣਾ ਹੈ?  ਕਿਹੜੇ ਮੰਤਰ ਦਾ ਰੱਟਾ ਲਾਉਣਾ ਹੈ, ਆਦਿ ਦਾ ਕੋਈ ਬੰਧੇਜ ਹੁੰਦਾ ਹੈ। ਮਾਰਕਸਵਾਦ ਦੇ ਸਿਆਸੀ ਲੀਡਰਾਂ ਨਾਲੋਂ ਇਸ ਵਾਦ ਬਾਰੇ ਮਾਰਕਸੀ ਨਜ਼ਰੀਏ ਤੋਂ ਕਹਾਣੀਆਂ ਲਿਖਣ ਵਾਲੇ ਤੇ ਮਾਰਕਸੀ ਵਿਚਾਰਵਾਦ ਮੁਤਾਬਕ ਕਵਿਤਾਵਾਂ ਲਿਖਣ ਵਾਲੇ ਵੱਧ ਜਾਣਦੇ ਹਨ। ਕਿਉਂਕਿ ਲੇਖਕ ਤੇ ਕਵੀ ਹਮੇਸ਼ਾ ਦਿਲ ਦੀ ਦੁਨੀਆਂ ਵਿਚ ਜੀਉਂਦੇ ਹੁੰਦੇ ਹਨ ਤੇ ਬਾਕੀ ਸਮਾਜ ਹਨੇਰੇ ਵਿਚ। ਚੁਸਤ ਲੀਡਰ ਲੋਕ ਜੁਗਾੜੀ ਸ਼੍ਰੇਣੀ ਵਿਚ ਆਉਂਦੇ ਹਨ। ਲੀਡਰਾਂ ਨੂੰ ਵੀ ਦਰਅਸਲ, ਵਿਚਾਰਵਾਦੀ ਕਵੀਆਂ ਤੇ ਲੇਖਕਾਂ ਦੀਆਂ ਲਿਖਤਾਂ ਨੇ ਹੀ 'ਤਿਆਰ' ਕੀਤਾ ਹੁੰਦਾ ਹੈ। ਇਕ ਬੜੀ ਭੈੜੀ ਗੱਲ ਰੋਜ਼ ਵਾਪਰਦੀ ਹੈ ਕਿ ਜਦੋਂ ਵੀ ਕੋਈ ਬੰਦਾ ਬਿਜਲੀ ਦਾ ਬਿਲ ਜਮ੍ਹਾ ਕਰਾਉਣ ਚਲਾ ਜਾਵੇ ਜਾਂ ਕਿਸੇ ਸਰਕਾਰੀ ਮਹਿਕਮੇ ਵਿਚ ਚਲਾ ਜਾਵੇ ਤਾਂ ਉਥੇ ਕੁਝ ਨਾਅਰੇਬਾਜ਼ ਸੱਜਣ ਦਰੀ ਵਿਛਾਅ ਕੇ ਨਾਅਰੇਬਾਜ਼ੀ ਕਰਦੇ ਹੁੰਦੇ ਹਨ ਤੇ ਕੁਝ ਸੱਜਣ ਜ਼ਿੰਦਾਬਾਦ ਕਰਦੇ ਕੰਨੀਂ ਪੈਂਦੇ ਹਨ। ਇਹ ਲੋਕ ਕਹਿਣ ਕਹਾਉਣ ਨੂੰ ਕਾਮਰੇਡ ਹੀ ਹੁੰਦੇ ਹਨ ਜਦਕਿ ਮਾਰਕਸਵਾਦ ਦੇ ਟੀਚੇ ਕਮਿਊਨਇਜ਼ਮ ਨਾਲੋਂ ਇਸ ਤਬਕੇ ਨੂੰ ਆਪਣੀ ਤਨਖਾਹ ਵਧਾਉਣ ਤੇ ਭੱਤੇ ਵੱਧ ਲੈਣ ਤਕ ਗਰਜ਼ ਹੁੰਦੀ ਹੈ। ਮਾਰਕਸਵਾਦ ਨੂੰ ਸਮਝਣ ਦੀ ਵੱਡੀ ਯੋਗਤਾ ਵਿਦਵਤਾ ਹੈ ਜੇ ਕੋਈ ਸੱਜਣ ਕਹੇ ਕਿ ਉਹ ਵਿਦਵਤਾ ਤਿੱਖੀ ਕੀਤੇ ਬਗੈਰ ਮਾਰਕਸਵਾਦ ਦੇ ਸ਼ਾਨਾਮੱਤੇ ਪਹਿਲੂ ਤੇ ਲੁਟੇਰੇ ਤਬਕਿਆਂ ਦੇ ਲੀਚੜ ਕਿਰਦਾਰ ਨੂੰ ਜਾਣ ਲਵੇਗਾ ਤਾਂ ਇਹ ਉਸ ਦੀ 'ਆਦਰਸ਼ਵਾਦੀ ਬਚਕਾਨਾ ਭੁੱਲ' ਹੋਵੇਗੀ। ਮਾਰਕਸ ਨਿਰਾ ਪੁਰਾ ਆਦਰਸ਼ਵਾਦੀ ਨਹੀਂ ਸੀ ਸਗੋਂ ਹਕੀਕੀ ਵਿਦਵਾਨ ਵਿਅਕਤੀ ਸੀ। ਉਸ ਨੇ ਪੂੰਜੀ ਤੇ ਕਿਰਤ ਬਾਰੇ ਜਿੰਨੇ ਸੋਹਣੇ ਖੁਲਾਸੇ ਕੀਤੇ, ਉਹ ਆਪਣੇ ਆਪ ਵਿਚ ਉੱਤਮ ਸਾਹਿਤਕ ਕਿਰਤਾਂ ਹਨ। ਨਵੇਂ ਕਾਮਰੇਡਾਂ ਨੂੰ ਕਾਮਰੇਡੀ ਮੱਤਾਂ ਦੇਣ ਵੇਲੇ ਵੀ ਜੇ ਕੋਈ ਸਾਡਾ ਸੁਹਿਰਦ ਕਮਿਊਨਿਸਟ ਮਿੱਤਰ ਕਮਿਊਨਿਸਟ ਆਦਰਸ਼ਵਾਦ ਵਾਲੀ ਮੁਹਾਰਨੀ ਹੀ ਪੜ੍ਹਦਾ ਹੈ ਤਾਂ ਇਹ ਉਸ ਦਾ ਵਹਿਮ ਹੈ। ਆਦਰਸ਼ਵਾਦ ਅਸਲ ਵਿਚ ਵਿਚਾਰਵਾਦ ਦੀ ਸੂਖਮ ਹੱਤਿਆ ਵਾਂਗ ਹੈ।
ਜਿਵੇਂ ਵਿਚਾਰ ਦੀ ਇਕ ਹੱਦ ਤਕ ਆਪਾਂ ਸੋਚਣ ਤੇ ਕਰਨ ਲਈ ਸੁਤੰਤਰ ਹੋਈਏ ਤੇ ਕਿਸੇ ਆਦਰਸ਼ਵਾਦੀ ਪੜਾਅ ਤਕ ਆ ਕੇ ਅਸੀਂ ਰੁਕ ਜਾਣਾ ਹੋਵੇ, ਕਿਉਂਜੋ 'ਸਾਡਾ ਵਾਦ' ਇਥੋਂ ਤਕ ਸੋਚਣ ਤੇ ਕਰਨ ਦੀ ਆਗਿਆ ਦਿੰਦਾ ਹੈ। ਇਹ ਖ਼ਾਸਾ ਅਸਲ ਵਿਚ ਮਾਰਕਸੀ ਚਿੰਤਨ ਦਾ ਅੰਗ ਨਹੀਂ। ਸਾਡੇ ਪੁਰਾਣੇ ਅਨੁਵਾਦਕਾਂ ਦੀ ਮਜਬੂਰੀ ਸੀ ਉਹ ਲੋਕ ਕਿੰਨੇ ਵੀ ਬਾਗ਼ੀ ਰਹੇ ਹੋਣ ਕਿੰਨੇ ਵੀ ਜਾਗਰੂਕ ਰਹੇ ਹੋਣ ਅਸਲ ਵਿਚ ਜਦੋਂ ਉਨ੍ਹਾਂ ਦੇ ਹੱਥਾਂ ਵਿਚ ਮਾਰਕਸਵਾਦ ਦੇ ਵਿਚਾਰਵਾਦ ਨੂੰ ਉਲਥਾਉਣ ਦਾ ਕੰਮ ਸੌਪਿਆ ਗਿਆ ਤਾਂ ਉਨ੍ਹਾਂ ਦੇ ਮਨਾਂ ਉੱਤੇ ਸ਼ੁਰੂਆਤੀ ਪੜਾਅ ਦਾ ਮਾਰਕਸੀ ਰੁਮਾਂਸਵਾਦ ਭਾਰੂ ਸੀ। ਨਵੀਂ ਨਵੀਂ ਮਾਰਕਸੀ ਰੌਸ਼ਨੀ ਮਿਲੀ ਸੀ ਪਰ ਪਰਵਾਰਕ ਪਿਛੋਕੜ ਗੈਰ ਮਾਰਕਸੀ ਸੀ ਜਿਸ ਦਾ ਪ੍ਰਭਾਵ ਕਿਤੇ ਨਾ ਕਿਤੇ ਉਨ੍ਹਾਂ ਉੱਤੇ ਵੀ ਪਿਆ ਹੋਇਆ ਸੀ। ਉਨ੍ਹਾਂ ਦੀਆਂ ਕੁਰਬਾਨੀਆਂ ਤੇ ਸਾਹਿਤਕ ਕਾਰਜਾਂ ਨੂੰ ਪਰਣਾਮ। ਜੇ ਕਿਤੇ ਉਸ ਦੌਰ ਦ ਅਨੁਵਾਦਕ  ਪਹਿਲੀ ਸੱਟੇ ਹੀ ਮਾਰਕਸੀ ਆਡੀਆਇਜ਼ਮ ਦਾ ਉਲੱਥਾ ਮਾਰਕਸੀ ਵਿਚਾਰਵਾਦ ਵਜੋਂ ਕਰ ਲੈਂਦੇ ਤਾਂ ਅੱਜ ਨੂੰ ਮਾਰਕਸੀ ਆਦਰਸ਼ਵਾਦ ਜਿਹਾ ਲਫਜ਼ ਸਾਡੇ ਹਿਰਦੇ ਨਾ ਵਲੂੰਧਰਦਾ ਤੁਰਿਆ ਆਉਂਦਾ। ਵਿਚਾਰਵਾਦ ਦਾ ਪਰਮ ਅਨੰਦ ਹੀ ਇਹ ਹੈ ਕਿ ਵਿਚਾਰਵਾਦੀ ਰੋਜ਼ ਆਪਣੇ ਆਪ ਨੂੰ ਬਦਲਣ ਲਈ ਤਿਆਰ ਰਹਿੰਦਾ ਹੈ ਤੇ ਆਦਰਸ਼ਵਾਦ ਨੂੰ ਸੱਚ ਨਾਲੋਂ ਬੰਧੇਜ ਤੇ ਵੱਖਰਤਾ ਨਾਲ ਮਤਲਬ ਹੁੰਦਾ ਹੈ। ਭਾਰਤੀ ਕਮਿਊਨਿਸਟਾਂ ਦੀ ਨਵੀਂ ਪੀੜ੍ਹੀ ਹੁਣ ਬਹੁਤ ਸਿਆਣੀ ਹੈ ਤੇ ਨਵੀਂ ਪੀੜ੍ਹੀ ਨੂੰ ਕੋਈ ਸੇਧ ਦੇਣ ਦੀ ਬਹੁਤੀ ਲੋੜ ਵੀ ਨਹੀਂ ਪਰ ਨਵੀਂ ਪੀੜ੍ਹੀ ਵੀ ਜੇ ਮਾਰਕਸਵਾਦ ਨੂੰ ਡੌਗਮਾ ਹੀ ਸਮਝੀ ਰਹੀ ਤਾਂ ਵਿਚਾਰਵਾਦ ਦੇ ਪਰਮ ਅਨੰਦ ਤੋਂ ਵਾਂਝੀ ਰਹਿ ਸਕਦੀ ਹੈ। ਵਿਚਾਰਵਾਦ ਤੋਂ ਵੱਧ ਕੇ ਕਿਤੇ ਕੋਈ ਮੁਕਤੀ ਨਹੀਂ। ਤੇ ਚੇਤੇ ਰਹੇ ਮਾਰਕਸਵਾਦ ਵੀ ਵਿਚਾਰਵਾਦ ਹੈ ਨਾ ਕਿ ਆਦਰਸ਼ਵਾਦ।

- ਵਾਹਦ ਫੀਚਰਜ਼ 

Sunday, 25 December 2011

ਇਨਾਮ ਮਿਲਣ ਦੀ ਖੁਸ਼ੀ : ਬਲਦੇਵ ਸਿੰਘ 'ਸੜਕਨਾਮਾ'


ਬਲਦੇਵ ਸਿੰਘ 'ਸੜਕਨਾਮਾ' ਨੇ ਇਤਿਹਾਸਕ ਨਾਇਕ ਦੁੱਲਾ ਭੱਟੀ ਨੂੰ ਆਪਣੇ ਨਾਵਲ ਜ਼ਰੀਏ ਲੋਕ-ਮਨਾਂ ਵਿਚ ਸੁਰਜੀਤ ਕੀਤਾ ਹੈ। ਜਿਸ ਸਦਕਾ ਉਨ੍ਹਾਂ ਨੂੰ ਭਾਰਤੀ ਸਾਹਿਤ ਅਕਾਦਮੀ ਵਲੋਂ ਸਾਹਿਤ ਅਕਾਦਮੀ ਪੁਰਸਕਾਰ 14 ਫਰਵਰੀ  ਨੂੰ ਦਿੱਲੀ ਵਿਖੇ ਦਿੱਤਾ ਜਾਵੇਗਾ। ਜਿਸ ਵਿਚ 1 ਲੱਖ ਰੁਪਏ ਦੀ ਰਕਮ ਤੋਂ ਇਲਾਵਾ ਇਕ ਸ਼ਾਲ ਤੇ ਇਕ ਯਾਦਗਾਰੀ ਚਿਨ੍ਹ ਸ਼ਾਮਲ ਹਨ। ਯਾਦ ਰਹੇ ਇਹ ਇਨਾਮ ਸਾਰੇ ਭਾਰਤ ਵਿਚ ਹਰੇਕ ਬੋਲੀ ਦੇ ਇਕ ਲਿਖਾਰੀ ਨੂੰ ਹੀ ਮਿਲਦਾ ਹੈ। ਜੋ ਇਸ ਵਾਰ ਭਾਰਤ ਦੇ ਵੱਖ ਵੱਖ ਬੋਲੀਆਂ ਦੇ 22 ਲਿਖਾਰੀਆਂ ਨੂੰ ਦਿੱਤਾ ਜਾ ਰਿਹਾ ਹੈ। ਇਹ ਭਾਰਤ ਦਾ ਸਭ ਤੋਂ ਵੱਡਾ ਸਾਹਿਤਕ ਪੁਰਸਕਾਰ ਹੈ। ਬਲਦੇਵ ਸਿੰਘ ਤੋਂ ਪਹਿਲਾਂ ਇਹ ਪੁਰਸਕਾਰ ਜਸਵੰਤ ਸਿੰਘ ਕੰਵਲ ਦੇ ਨਾਵਲ ਤੌਸ਼ਾਲੀ ਦੀ ਹੰਸੋ, ਗੁਰਦਿਆਲ ਸਿੰਘ ਦੇ ਨਾਵਲ ਮੜੀ ਦਾ ਦੀਵਾ ਅਤੇ ਰਾਮ ਸਰੂਪ ਦੇ ਅਣਖੀ ਦੇ ਨਾਵਲ ਕੋਠੇ ਖੜਕ ਸਿੰਘ ਨੂੰ ਵੀ ਮਿਲ ਚੁੱਕਾ ਹੈ। ਕੁਝ ਪਲ ਉਨ੍ਹਾਂ ਨਾਲ ਬੈਠਣ ਦਾ ਮੌਕਾ ਮਿਲਿਆ। ਇਕ ਨਿੱਕੀ ਜਿਹੀ ਮੁਲਾਕਾਤ ਦੀ ਗੱਲਬਾਤ ਇਵੇਂ ਹੈ— 
--
? ਬਲਦੇਵ ਸਿੰਘ ਜੀ, ਮੁਢਲੇ ਜੀਵਨ ਤੇ ਸਾਹਿਤਕ ਸਫਰ ਬਾਰੇ ਦੱਸੋ। 
- ਮੇਰਾ ਸਾਹਿਤਕ ਜੀਵਨ ਅਸਲ ਵਿਚ 1976-77 ਵਿਚ ਸ਼ੁਰੂ ਹੁੰਦਾ ਹੈ। ਪਰ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ ਇਸ ਖੇਤਰ ਨੂੰ ਪੂਰੀ ਤਰਾਂ ਸਮਰਪਤ ਹੋ ਜਾਵਾਗਾਂ। ਕਲਕੱਤਾ ਵਿਚ ਮੈਂ ਟ੍ਰਾਂਸਪੋਰਟ ਕਿੱਤੇ ਨਾਲ ਸਬੰਧਤ ਰਿਹਾਂ, ਡਰਾਈਵਰ ਤਬਕੇ ਦੇ ਦੁੱਖਾਂ ਦਰਦਾਂ ਨੂੰ ਮੈਂ ਨੇੜਿਓਂ ਵੇਖਿਆ ਤੇ ਹੰਢਾਇਆ ਹੈ। ਉਹਨਾਂ ਬਾਰੇ 'ਸੜਕਨਾਮਾ' ਕਾਲਮ ਵਿਚ ਮੈਂ ਜੋ ਲਿਖਿਆ ਨੂੰ ਅਮ੍ਰਿਤਾ ਪ੍ਰੀਤਮ ਨੇ ਆਪਣੇ ਰਸਾਲੇ 'ਨਾਗਮਣੀ' ਵਿਚ ਲਗਾਤਾਰ 20 ਸਾਲ ਛਾਪਿਆ। ਇਹ ਕਾਲਮ ਏਨਾਂ ਮਕਬੂਲ ਹੋਇਆ ਕਿ ਸੜਕਨਾਮਾ ਮੇਰੀ ਪਛਾਣ ਬਣ ਗਿਆ। ਇਸ ਦੇ ਨਾਲ ਹੀ ਮੇਰਾ ਰੁਝਾਨ ਕਹਾਣੀਆਂ, ਨਾਵਲਾਂ ਤੇ ਨਾਟਕ ਲਿਖਣ ਵੱਲ ਹੋ ਗਿਆ। ਕਲਕੱਤਾ ਰਹਿੰਦੇ ਹੋਏ 1985 ਤੱਕ ਮੇਰੇ ਤਿੰਨ ਕਹਾਣੀ ਸੰਗ੍ਰਹਿ, ਤਿੰਨ ਨਾਵਲ ਤੇ ਸੜਕਨਾਮਾ ਛੱਪ ਚੁੱਕੇ ਸਨ। ਮੇਰਾ ਪਿਛੋਕੜ ਨਿਰੋਲ ਪੇਂਡੂ ਹੈ। ਮੋਗਾ ਦੇ ਲਾਗਲੇ ਪਿੰਡ ਚੰਦ ਨਵਾਂ ਵਿਖੇ ਮੇਰਾ ਜਨਮ 1942 ਵਿਚ ਸਧਾਰਨ ਕਿਸਾਨ ਹਰਦਿਆਲ ਸਿੰਘ ਦੇ ਘਰ ਹੋਇਆ। ਚੰਦ ਨਵਾਂ ਤੋਂ ਦਸਵੀਂ ਕਰਕੇ ਮੈਂ 1962 ਵਿਚ ਮੋਗਾ ਦੇ ਡੀ. ਐਮ. ਕਾਲਜ ਤੋਂ ਬੀ. ਏ. ਕੀਤੀ ਤੇ 1963 ਵਿਚ ਡੀ. ਐਮ. ਕਾਲਜ ਆਫ ਐਜੂਕੇਸ਼ਨ ਤੋਂ ਬੀ. ਐੱਡ ਕੀਤੀ। ਤਿੰਨ ਸਾਲ ਪੰਜਾਬ ਵਿਚ ਅਤੇ ਤਿੰਨ ਸਾਲ ਹਿਮਾਚਲ ਪ੍ਰਦੇਸ਼ ਵਿਚ ਸਰਕਾਰੀ ਅਧਿਆਪਕ ਰਿਹਾ। ਸਰਕਾਰੀ ਅਧਿਆਪਕੀ  ਰਾਸ ਨਾ ਆਉਣ ਕਾਰਨ ਮੈਂ ਕਲਕੱਤਾ ਚਲੇ ਗਿਆ ਤੇ ਟ੍ਰਾਂਸਪੋਰਟ ਦੇ ਧੰਦੇ ਵਿਚ ਪੈ ਗਿਆ ਤੇ ਨਾਲ ਦੀ ਨਾਲ ਹੀ ਟ੍ਰਾਂਸਪੋਰਟ ਨਾਲ ਸਬੰਧਤ ਡਰਾਈਵਰਾਂ, ਖਲਾਸੀਆਂ, ਸੜਕਾਂ ਤੇ ਢਾਬਿਆਂ ਬਾਰੇ ਨਿੱਜੀ ਤਜਰਬਿਆਂ ਨੂੰ ਕਲਮਬੱਧ ਕਰਦਾ ਰਿਹਾ।
ਹੁਣ ਤੱਕ ਕਿੰਨਾਂ ਕੁਝ ਲਿਖ ਚੁੱਕੇ ਹੋ? 
-ਹੁਣ ਤੱਕ ਮੈਂ 50 ਤੋਂ ਵੱਧ ਪੁਸਤਕਾਂ ਲਿਖ ਚੁੱਕਾਂ ਹਾਂ। ਜਿਨ੍ਹਾਂ ਵਿਚ ਕਹਾਣੀਆਂ, ਨਾਵਲ, ਨਾਟਕ, ਬਾਲ ਸਾਹਿਤ ਤੇ ਸਫਰਨਾਮਾ ਆਦਿ ਸ਼ਾਮਲ ਹਨ। ਮੇਰੇ ਨਾਵਲ ਲਾਲ ਬੱਤੀ, ਅੰਨ੍ਹ ਦਾਤਾ, ਪੰਜਵਾਂ ਸਾਹਿਜ਼ਜਾਦਾ, ਸਤਲੁਜ ਵਹਿੰਦਾ ਰਿਹਾ ਤੇ ਮਹਾਬਲੀ ਸੂਰਮਾ ਆਦਿ ਬਹੁਤ ਚਰਚਿਤ ਨਾਵਲ ਰਹੇ ਹਨ। ਇਹ ਨਾਵਲ 'ਢਾਵਾਂ ਦਿੱਲੀ ਦੇ ਕਿੰਗਰੇ' ਦੁੱਲਾ ਭੱਟੀ ਦੇ ਜੀਵਨ ਦਾ ਨਾਵਲੀਕਰਣ ਹੈ, ਜੀਹਨੇ ਅਕਬਰ ਵਰਗੇ ਤਾਕਤਵਰ ਸ਼ਹਿਨਸ਼ਾਹ ਨੂੰ ਵੰਗਾਰਿਆ ਤੇ ਸ਼ਹਿਨਸ਼ਾਹ ਦੇ ਜ਼ੁਲਮਾਂ ਤੋਂ ਤੰਗ ਆਏ ਕਿਸਾਨਾਂ ਤੇ ਹੋਰਨਾਂ ਵਿਦਰੋਹੀਆਂ ਨੂੰ ਲਾਮਬੱਧ ਕਰ ਕੇ ਉਹਨਾਂ ਵਿਚ ਸ਼ਾਹੀ ਫੌਜਾਂ ਵਿਰੁੱਧ ਡਟਣ ਦੀ ਜੁਅਰਤ ਪੈਦਾ ਕੀਤੀ। ਮੇਰੇ ਇਸ ਨਾਵਲ ਨੂੰ ਸਾਹਿਤ ਅਕਾਦਮੀ ਵਲੋਂ ਇਨਾਮ ਮਿਲਣ ਤੇ ਇਹ ਸਾਬਤ ਹੁੰਦਾ ਹੈ ਕਿ ਮੇਰੇ ਇਤਿਹਾਸਕ ਨਾਵਲ ਨੂੰ ਮਾਨਤਾ ਮਿਲੀ ਹੈ। ਪਹਿਲਾਂ ਮਿਲੇ ਮਾਣ ਸਨਮਾਨਾਂ ਬਾਰੇ ਦੱਸੋ? 
-ਇਹ ਇਨਾਮ ਮਿਲਣ ਤੋਂ ਪਹਿਲਾਂ ਪੰਜਾਬ ਦੀਆਂ ਅਨੇਕਾਂ ਸਾਹਿਤਕ ਸਭਾਵਾਂ ਤੇ ਸੰਸਥਾਵਾਂ ਵਲੋਂ ਵਲੋਂ ਮੈਨੂੰ ਮੈਕਸਿਮ ਗੋਰਕੀ ਅਵਾਰਡ, ਕਥਾ ਅਵਾਰਡ ਦਿੱਲੀ, ਨਾਗਮਣੀ ਅਵਾਰਡ, ਕਰਤਾਰ ਸਿੰਘ ਧਾਲੀਵਾਲ ਯਾਦਗਾਰੀ ਪੁਰਸਕਾਰ, ਕੇਵਲ ਵਿੱਗ ਅਵਾਰਡ ਤੋਂ ਇਲਾਵਾ ਇਲਾਕੇ ਦੀਆਂ ਸਮਾਜਕ, ਧਾਰਮਕ ਤੇ ਰਾਜਨੀਤਕ ਅਦਾਰਿਆ ਵਲੋਂ ਅਨੇਕਾਂ ਵਾਰ ਸਨਮਾਨਤ ਕੀਤਾ ਗਿਆ ਹਾਂ। ਇਹ ਫਹਿਰਿਸਤ ਬਹੁਤ ਲੰਬੀ ਹੈ। ਪਰ ਅੱਜ ਮੇਰੇ ਲਈ ਭਾਰਤੀ ਸਾਹਿਤ ਅਕਾਦਮੀ ਦੇ ਅਵਾਰਡ ਨਾਲੋਂ ਲੋਕਾਂ ਅਤੇ ਪਾਠਕਾਂ ਵਲੋਂ ਮਿਲੇ ਮਾਣ ਸਨਮਾਨ ਜਿਆਦਾ ਅਹਿਮੀਅਤ ਰੱਖਦੇ ਨੇ।
? ਸਾਹਿਤ ਅਕਾਦਮੀ ਦਾ ਇਨਾਮ ਮਿਲਣ ਤੇ ਤੁਸੀਂ ਕੀ ਮਹਿਸੂਸ ਕਰਦੇ ਹੋ।   
-ਮੈਂ ਸਮਝਦਾਂ ਕਿ ਸਨਮਾਨ ਲੈਣ ਦੀ ਇਕ ਰੁੱਤ ਹੁੰਦੀ ਹੈ ਜਿਹੜੀ ਕਿ 8-10 ਸਾਲ ਪਹਿਲਾਂ ਲੰਘ ਗਈ ਪ੍ਰਤੀਤ ਹੁੰਦੀ ਹੈ ਫੇਰ ਵੀ ਇਹ ਸਨਮਾਨ ਮਿਲਣ ਤੇ ਮੈਂ ਜਿਹੜੇ ਵਿਦਵਾਨ ਇਸ ਚੋਣ ਨਾਲ ਸਬੰਧਤ ਹਨ, ਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਮੇਰੀ 35 ਸਾਲ ਦੀ ਸਾਹਿਤਕ ਘਾਲਣਾ ਨੂੰ ਮਹਿਸੂਸ ਕੀਤਾ ਹੈ ਤੇ ਮੇਰੇ ਇਤਿਹਾਸਕ ਨਾਵਲਾਂ ਨੂੰ ਮਾਨਤਾ ਦਿੱਤੀ ਹੈ। ਮੈਨੂੰ ਇਹ ਪੁਰਸਕਾਰ ਮਿਲਣ ਤੇ ਅਸੀਮ ਖੁਸ਼ੀ ਹੈ ਤੇ ਖੁਸ਼ੀ ਹੋਣੀ ਵੀ ਚਾਹੀਦੀ ਹੈ।
_ਅਮਰਜੀਤ ਬੱਬਰੀ

Saturday, 24 December 2011

ਸਾਹਿਤਕ ਧਾਰਾ


'ਸਾਹਿਤਕ ਧਾਰਾ' ਵੈੱਬ ਪੋਰਟਲ 'ਤੇ 
ਪੜ੍ਹੋ : ਸਾਹਿਤ ਦੇ ਸਾਰੇ ਰੂਪ, ਵਿਚਾਰਧਾਰਕ 
ਲਿਖਤਾਂ। ਆਪਣੀ ਕਿਰਤ ਨੂੰ 'ਸਾਹਿਤਕ ਧਾਰਾ'
'ਤੇ ਵੇਖਣਾ ਚਾਹੁੰਦੇ ਹੋ ਤਾਂ ਈ. ਮੇਲ ਕਰ ਦਿਓ।
ਸੁਝਾਆਂ ਤੇ ਪੁੱਛਗਿੱਛ ਦਾ ਸੁਆਗਤ। 
9815285126, 9465329617
nwadaur@gmail.com