Friday, 30 December 2011

ਵਿਚਾਰਵਾਦ ਨੂੰ ਤਰਸ ਰਿਹਾ ਸਮਾਜਵਾਦ

ਵਿਚਾਰਵਾਦ ਨੂੰ ਤਰਸਦੇ ਭਾਰਤੀ ਕਮਿਊਨਿਸਟ
-ਚੋਟੀ ਦੇ ਵਿਦਵਾਨ ਕਾਰਲ ਮਾਰਕਸ ਨੇ ਕਿਹਾ ਸੀ ਕਿ ਇਕ ਦਿਨ ਸਟੇਟ (ਰਾਜਭਾਗ) ਵੀ ਨਹੀਂ ਰਹਿਣੀ ਤੇ ਕਮਿਊਨ ਆ ਜਾਣੈ, ਫੇਰ  ਇਕ ਦਿਨ ਕਮਿਊਨ ਵੀ ਨਹੀਂ ਰਹਿਣਾ ਤੇ ਇਜ਼ਮ (ਵਾਦ) ਰਹਿ ਜਾਵੇਗਾ ਤੇ ਇਕ ਦਿਨ ਵਾਦ ਵੀ ਨਹੀਂ ਰਹਿਣਾ ਸਗੋਂ ਮੈਂ ਵੀ ਨਹੀਂ ਰਹਾਂਗਾ ਪਰ ਕਮਿਊਨ ਰਹਿ ਜਾਵੇਗਾ। ਇਸ ਕਮਿਊਨ ਜਾਂ ਸਮੂਹਕ ਰਹਿਣ ਸਹਿਣ ਨੂੰ ਮਾਰਕਸ ਨੇ ਕਮਿਊਨ ਵਜੋਂ ਪਰਭਾਸ਼ਤ ਕੀਤਾ। ਇਸੇ ਕਮਿਊਨ ਦੀ ਮੰਜ਼ਲ ਕਰ ਕੇ ਕਮਿਊਨ ਲਿਆਉਣ ਲਈ ਸੰਘਰਸ਼ ਕਰ ਰਹੇ ਸਿਆਸੀ ਮਿਸ਼ਨਰੀ ਨੂੰ 'ਕਮਿਊਨ ਇਸਟ' ਜਾਂ ਕਮਿਊਨਿਸਟ ਕਿਹਾ ਜਾਂਦਾ ਹੈ ਭਾਵ ਕਮਿਊਨ ਜਿਹਦਾ ਸਿਆਸੀ ਇਸ਼ਟ ਹੋਵੇ ਉਹ ਹੈ ਕਮਿਊਨਿਸਟ..। 
ਪਰ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਜੇ ਮਾਰਕਸ ਦੀ ਸੋਚ ਵੀ ਆਦਰਸ਼ਵਾਦੀ ਹੈ ਤਾਂ ਫੇਰ ਫ਼ਲਸਫ਼ਾ ਕਿਹਨੂੰ ਕਹਾਂਗੇ? ਮਾਰਕਸ ਦਾ ਆਦਰਸ਼ਵਾਦ ਤਾਂ ਇਵੇਂ ਲੱਗਦਾ ਹੈ ਕਿ ਜਿਵੇਂ ਕੋਈ ਪੁਰਾਤਨ ਰਾਜੇ ਦਾ ਰਾਜਭਾਗ ਲਿਆਉਣ ਦੀ ਗੱਲ ਹੋ ਰਹੀ ਹੋਵੇ।  ਅਸਲ ਵਿਚ ਮਾਰਕਸ ਦੇ ਸਿਧਾਂਤ ਨਰਮ ਤੇ ਸਾਹਿਤਕ ਸ਼ਬਦਾਵਲੀ ਵਾਲੇ ਹਨ ਅਤੇ ਡੌਗਮਾ (ਜੜ੍ਹ ਵਿਚਾਰ) ਹੁੰਦੇ ਹੋਏ ਵੀ ਤਬਦੀਲੀ ਪਸੰਦ  ਹਨ ਕਿ ਮਾਰਕਸ ਦਾ ਇਤਿਹਾਸਕ ਆਦਰਸ਼ਵਾਦ ਕਿਸੇ ਵੀ ਹਾਲਤ ਵਿਚ 'ਆਦਰਸ਼ਵਾਦ' ਵਰਗੇ ਦਕੀਆਨੂਸੀ ਸੰਕਲਪ ਵਿਚ ਬੰਨ੍ਹਿਆ ਹੀ ਨਹੀਂ ਜਾ ਸਕਦਾ। ਜਿਵੇਂ ਇਕ ਮਿਸਾਲ ਲੈ ਲਓ ਕਿ ਮਾਰਕਸ ਨੇ ਨਾ ਤਾਂ ਮੀਟ, ਆਂਡੇ ਖਾਣ ਲਈ ਕਿਹਾ ਹੈ ਤੇ ਨਾਂ ਹੀ ਛੱਡਣ ਲਈ ਕਿਹਾ ਹੈ। ਨਾਂ ਤਾਂ ਕੋਈ ਰਟਣ ਮੰਤਰ ਜਪਣ ਲਈ ਕਿਹਾ ਹੈ ਤੇ ਨਾ ਹੀ ਜਪਣ ਤੋਂ ਦੂਰ ਰਹਿਣ ਲਈ ਕਿਹਾ ਹੈ। ਮਾਰਕਸਵਾਦ ਕੋਈ ਰਟਣ ਮੰਤਰ ਨਹੀਂ ਤੇ ਨਾ ਹੀ ਭਾਈਚਾਰਕ ਵਿਖਾਵੇ ਦੀ ਕਿਰਿਆ ਸਗੋਂ ਮਾਰਕਸਵਾਦ ਸ਼ੁੱਧ 'ਵਿਚਾਰਵਾਦ' ਹੈ। ਵਿਚਾਰ ਤੋਂ ਭਾਵ ਥੌਟ ਵੀ ਹੁੰਦਾ ਹੈ ਤੇ ਵਿਚਾਰ ਦਾ ਭਾਵ ਆਈਡੀਆ ਵੀ ਹੁੰਦਾ ਹੈ। ਸਮਾਜਕ ਤੇ ਆਰਥਕ ਦੁੱਖਾਂ ਦੇ ਭੰਨੇ ਬੰਦੇ ਦੇ ਮਨ ਵਿਚ ਅਨੇਕਾਂ ਸੰਸੇ, ਅਨੇਕਾਂ ਡਰ ਤੇ ਅਨੇਕਾਂ 'ਵਿਚਾਰ' ਹੁੰਦੇ ਹਨ ਪਰ ਉਹ ਵਿਚਾਰ, ਅਸਲ ਵਿਚ ਚਿੰਤਾ ਤੋਂ ਉਪਜੀਆਂ ਮਾਨਸਕ ਤਰੰਗਾਂ ਹੁੰਦੀਆਂ ਹਨ। ਪਰ ਚਿੰਤਾ ਤੋਂ ਬਾਹਰ ਆਉਣਾ ਜਾਂ ਚਿੰਤਾ ਦੂਰ ਕਰਨ ਦੇ ਉਪਾਅ ਸੋਚਣੇ ਤੇ ਅਮਲ ਕਰਨਾ ਇਹ ਸਭ ਆਈਡੀਏ ਜਾਂ 'ਅਸਲੀ ਵਿਚਾਰ' ਨੂੰ ਪਰਭਾਸ਼ਤ ਕਰਦਾ ਹੈ। ਜੇ ਕੋਈ ਸਾਡੀ ਪੁਰਾਤਨ ਪਸੰਦ ਭਾਰਤੀ ਸੰਸਕ੍ਰਿਤੀ ਤੋਂ ਪ੍ਰਭਾਵਤ 'ਭਰਾ' ਮਾਰਕਸਵਾਦ ਨੂੰ ਵੀ ਕਿਸੇ ਪੁਰਾਣੇ ਮਰਿਆਦਤ ਰਾਜੇ ਦੇ ਮਿਸਾਲੀ ਆਦਰਸ਼ਵਾਦ ਵਾਂਗ ਹੀ ਸਮਝਦਾ ਹੈ ਤਾਂ ਉਹ ਕਿਰਪਾ ਕਰਕੇ ਸਿਆਣੇ ਕਮਿਊਨਿਸਟਾਂ ਨੂੰ ਲੱਭੇ ਜਾਂ ਖੁਦ ਮਾਰਕਸ ਦੀਆਂ ਲਿਖਤਾਂ ਵਿਚੋਂ ਦੀ ਲੰਘੇ। ਭਾਰਤੀ ਕਮਿਊਸਿਨਟਾਂ ਦੀ ਕਮਿਊਨਇਜ਼ਮ ਵਾਸਤੇ ਪ੍ਰੀਬੱਧਤਾ ਘੱਟ ਨਹੀਂ ਅੰਗੀ ਜਾ ਸਕਦੀ ਅਸਲ ਵਿਚ ਭਾਰਤੀ ਧਰਮ ਬਾਰੇ ਮਾਓ ਨੇ ਇਕ ਵਾਰ ਟਿਪਣੀ ਕੀਤੀ ਸੀ, ਬਈ, ''ਭਾਰਤੀ ਧਰਮ ਅਸਲ ਵਿਚ ਧਰਮ ਹੀ ਨਹੀਂ ਨੇ''। ਇਸ ਤੋਂ ਪਤਾ ਲੱਗਦਾ ਹੈ ਕਿ ਚੀਨ ਵਿਚ ਚੀਨੀ ਜਨਤਾ ਦੇ ਸੁਭਾਅ, ਭੁਗੋਲਿਕ ਹਾਲਾਤ ਤੇ ਹੋਰ ਸਥਿਤੀਆਂ ਨੂੰ ਵੀਚਾਰ ਕੇ ਇਨਕਲਾਬ ਲਿਆਉਣ ਵਾਲਾ ਮਾਓ ਭਾਰਤੀ ਪੁਜਾਰੀਵਾਦ ਦੇ ਆਦਰਸ਼-ਜਾਲ ਤੋਂ ਚੰਗੀ ਤਰ੍ਹਾਂ ਜਾਣੂ ਸੀ। ਮਾਓ ਵਲੋਂ ਇੰਨਾ ਕਹਿਣਾ ਕਿ ''ਭਾਰਤੀ ਧਰਮ ਅਸਲ ਵਿਚ ਧਰਮ ਹੈ ਹੀ ਨਹੀਂ ਹਨ''। -ਇਹ ਟਿਪਣੀ ਵੱਡੀ ਵਿਆਖਿਆ ਵੱਲ ਇਸ਼ਾਰਾ ਕਰਦੀ ਹੈ ਕਿ ਮਾਓ ਜਾਣ ਚੁੱਕਾ ਸੀ ਕਿ ਜਿਵੇਂ ਬੁਧ ਧਰਮ  ਦੇ ਪੁਜਾਰੀ ਨੇ ਇਸ ਫ਼ਲਸਫ਼ੇ ਨੂੰ ਟੱਲੀਆਂ ਖੜਕਾਉਣ ਤਕ ਮਹਿਦੂਦ ਕੀਤਾ ਹੋਇਆ ਹੈ ਇਵੇਂ ਹੀ ਭਾਰਤ ਦੇ ਪੁਜਾਰੀ ਤਬਕੇ ਦੀ ਹਾਲਤ ਤਾਂ ਬੁੱਧ ਧਰਮ ਤੋਂ ਕਿਤੇ ਮਾੜੀ ਹੈ। ਜਾਤ ਪਾਤ ਜਨਮ ਨਾਲ ਸਬੰਧਤ ਹੈ ਤੇ ਬਦਲੀ ਨੀਂ ਜਾ ਸਕਦੀ। ਬੰਦਿਆਂ ਦੇ ਕੰਮ ਤੇ ਕਿੱਤੇ ਵੀ ਤਕਰੀਬਨ ਜਨਮ ਤੋਂ ਵੰਡੇ ਹਨ ਹਾਂ ਹੁਣ ਭਾਵੇਂ ਨਵੀਂ ਚੇਤਨਾ ਮੁਜਬ ਲੋਕ ਕਿੱਤੇ ਤੇ ਸੁਭਾਅ ਬਦਲ ਰਹੇ ਹਨ ਜਿਸ ਕਰਕੇ ਜਾਤ-ਗੋਤ ਪਰਗਟ ਕਰਨ ਤੇ ਲੁਕਾਅ ਕੇ ਰੱਖਣ ਦਾ ਰੁਝਾਨ ਪਰਗਟ ਹੋਇਆ। ਮਾਰਕਸ ਨੇ ਜਿਨ੍ਹਾਂ ਦੁਖੀ ਸਮਾਜਾਂ ਵਿਚ ਇਨਕਲਾਬ ਲਿਆਉਣ ਦਾ ਆਈਡੀਆ ਫੈਲਾਇਆ ਸੀ ਓਥੇ ਆਰਥਕ ਜਮਾਤਾਂ ਸਨ,  ਆਹ ਜਾਤ ਵਾਲਾ ਜਨਮਜਾਤ ਪੰਗਾ ਓਥੇ ਨਹੀਂ ਸੀ। ਮਾਰਕਸ ਅਸਲ ਵਿਚ ਕਮਿਊਨਇਜ਼ਮ ਦਾ ਵਿਚਾਰ 'ਦਾਤਾ' ਹੈ ਨਾ ਕਿ ਆਦਰਸ਼ਵਾਦੀ ਕਥੱਕੜ। ਆਦਰਸ਼ਵਾਦ ਤੋਂ ਤਾਂ ਇਵੇਂ ਜਾਪਦਾ ਹੈ ਕਿ ਜਿਵੇਂ ਕਿਸੇ ਫਰੇਮ ਵਿਚ ਬੱਝ ਕੇ ਬੰਦੇ ਨੇ ਕੰਮ ਕਰਨਾ ਹੈ ਤੇ ਉਸ ਦੀ ਯੂਨੀਫਾਰਮ, ਉਸ ਦੀ ਸ਼ਬਦਾਵਲੀ ਉਸ ਨੇ ਕਿਵੇਂ ਉਠਣਾ ਬੈਠਣਾ ਹੈ, ਬਾਰੇ ਮਾਰਕਸ ਨੇ ਕੋਈ ਆਦਰਸ਼ ਮਿੱਥ ਦਿੱਤਾ ਹੈ ਪਰ ਸੱਚਾਈ ਇਹ ਹੈ ਕਿ ਮਾਰਕਸਵਾਦ ਬੰਦੇ ਨੂੰ ਸਹਿਜ ਹੋਣ ਵੱਲ ਪ੍ਰੇਰਿਤ ਕਰਦਾ ਹੈ। ਮਾਰਕਸੀ ਕਾਰਕੁੰਨ ਦੀ ਕੋਈ ਪੱਕੀ ਯੂਨੀਫਾਰਮ ਨਹੀਂ ਹੁੰਦੀ ਤੇ ਨਾਂ ਹੀ ਉਸ ਨੇ ਕੀ ਖਾਣਾ ਹੈ ਤੇ ਕੀ ਨਹੀਂ ਖਾਣਾ ਹੈ?  ਕਿਹੜੇ ਮੰਤਰ ਦਾ ਰੱਟਾ ਲਾਉਣਾ ਹੈ, ਆਦਿ ਦਾ ਕੋਈ ਬੰਧੇਜ ਹੁੰਦਾ ਹੈ। ਮਾਰਕਸਵਾਦ ਦੇ ਸਿਆਸੀ ਲੀਡਰਾਂ ਨਾਲੋਂ ਇਸ ਵਾਦ ਬਾਰੇ ਮਾਰਕਸੀ ਨਜ਼ਰੀਏ ਤੋਂ ਕਹਾਣੀਆਂ ਲਿਖਣ ਵਾਲੇ ਤੇ ਮਾਰਕਸੀ ਵਿਚਾਰਵਾਦ ਮੁਤਾਬਕ ਕਵਿਤਾਵਾਂ ਲਿਖਣ ਵਾਲੇ ਵੱਧ ਜਾਣਦੇ ਹਨ। ਕਿਉਂਕਿ ਲੇਖਕ ਤੇ ਕਵੀ ਹਮੇਸ਼ਾ ਦਿਲ ਦੀ ਦੁਨੀਆਂ ਵਿਚ ਜੀਉਂਦੇ ਹੁੰਦੇ ਹਨ ਤੇ ਬਾਕੀ ਸਮਾਜ ਹਨੇਰੇ ਵਿਚ। ਚੁਸਤ ਲੀਡਰ ਲੋਕ ਜੁਗਾੜੀ ਸ਼੍ਰੇਣੀ ਵਿਚ ਆਉਂਦੇ ਹਨ। ਲੀਡਰਾਂ ਨੂੰ ਵੀ ਦਰਅਸਲ, ਵਿਚਾਰਵਾਦੀ ਕਵੀਆਂ ਤੇ ਲੇਖਕਾਂ ਦੀਆਂ ਲਿਖਤਾਂ ਨੇ ਹੀ 'ਤਿਆਰ' ਕੀਤਾ ਹੁੰਦਾ ਹੈ। ਇਕ ਬੜੀ ਭੈੜੀ ਗੱਲ ਰੋਜ਼ ਵਾਪਰਦੀ ਹੈ ਕਿ ਜਦੋਂ ਵੀ ਕੋਈ ਬੰਦਾ ਬਿਜਲੀ ਦਾ ਬਿਲ ਜਮ੍ਹਾ ਕਰਾਉਣ ਚਲਾ ਜਾਵੇ ਜਾਂ ਕਿਸੇ ਸਰਕਾਰੀ ਮਹਿਕਮੇ ਵਿਚ ਚਲਾ ਜਾਵੇ ਤਾਂ ਉਥੇ ਕੁਝ ਨਾਅਰੇਬਾਜ਼ ਸੱਜਣ ਦਰੀ ਵਿਛਾਅ ਕੇ ਨਾਅਰੇਬਾਜ਼ੀ ਕਰਦੇ ਹੁੰਦੇ ਹਨ ਤੇ ਕੁਝ ਸੱਜਣ ਜ਼ਿੰਦਾਬਾਦ ਕਰਦੇ ਕੰਨੀਂ ਪੈਂਦੇ ਹਨ। ਇਹ ਲੋਕ ਕਹਿਣ ਕਹਾਉਣ ਨੂੰ ਕਾਮਰੇਡ ਹੀ ਹੁੰਦੇ ਹਨ ਜਦਕਿ ਮਾਰਕਸਵਾਦ ਦੇ ਟੀਚੇ ਕਮਿਊਨਇਜ਼ਮ ਨਾਲੋਂ ਇਸ ਤਬਕੇ ਨੂੰ ਆਪਣੀ ਤਨਖਾਹ ਵਧਾਉਣ ਤੇ ਭੱਤੇ ਵੱਧ ਲੈਣ ਤਕ ਗਰਜ਼ ਹੁੰਦੀ ਹੈ। ਮਾਰਕਸਵਾਦ ਨੂੰ ਸਮਝਣ ਦੀ ਵੱਡੀ ਯੋਗਤਾ ਵਿਦਵਤਾ ਹੈ ਜੇ ਕੋਈ ਸੱਜਣ ਕਹੇ ਕਿ ਉਹ ਵਿਦਵਤਾ ਤਿੱਖੀ ਕੀਤੇ ਬਗੈਰ ਮਾਰਕਸਵਾਦ ਦੇ ਸ਼ਾਨਾਮੱਤੇ ਪਹਿਲੂ ਤੇ ਲੁਟੇਰੇ ਤਬਕਿਆਂ ਦੇ ਲੀਚੜ ਕਿਰਦਾਰ ਨੂੰ ਜਾਣ ਲਵੇਗਾ ਤਾਂ ਇਹ ਉਸ ਦੀ 'ਆਦਰਸ਼ਵਾਦੀ ਬਚਕਾਨਾ ਭੁੱਲ' ਹੋਵੇਗੀ। ਮਾਰਕਸ ਨਿਰਾ ਪੁਰਾ ਆਦਰਸ਼ਵਾਦੀ ਨਹੀਂ ਸੀ ਸਗੋਂ ਹਕੀਕੀ ਵਿਦਵਾਨ ਵਿਅਕਤੀ ਸੀ। ਉਸ ਨੇ ਪੂੰਜੀ ਤੇ ਕਿਰਤ ਬਾਰੇ ਜਿੰਨੇ ਸੋਹਣੇ ਖੁਲਾਸੇ ਕੀਤੇ, ਉਹ ਆਪਣੇ ਆਪ ਵਿਚ ਉੱਤਮ ਸਾਹਿਤਕ ਕਿਰਤਾਂ ਹਨ। ਨਵੇਂ ਕਾਮਰੇਡਾਂ ਨੂੰ ਕਾਮਰੇਡੀ ਮੱਤਾਂ ਦੇਣ ਵੇਲੇ ਵੀ ਜੇ ਕੋਈ ਸਾਡਾ ਸੁਹਿਰਦ ਕਮਿਊਨਿਸਟ ਮਿੱਤਰ ਕਮਿਊਨਿਸਟ ਆਦਰਸ਼ਵਾਦ ਵਾਲੀ ਮੁਹਾਰਨੀ ਹੀ ਪੜ੍ਹਦਾ ਹੈ ਤਾਂ ਇਹ ਉਸ ਦਾ ਵਹਿਮ ਹੈ। ਆਦਰਸ਼ਵਾਦ ਅਸਲ ਵਿਚ ਵਿਚਾਰਵਾਦ ਦੀ ਸੂਖਮ ਹੱਤਿਆ ਵਾਂਗ ਹੈ।
ਜਿਵੇਂ ਵਿਚਾਰ ਦੀ ਇਕ ਹੱਦ ਤਕ ਆਪਾਂ ਸੋਚਣ ਤੇ ਕਰਨ ਲਈ ਸੁਤੰਤਰ ਹੋਈਏ ਤੇ ਕਿਸੇ ਆਦਰਸ਼ਵਾਦੀ ਪੜਾਅ ਤਕ ਆ ਕੇ ਅਸੀਂ ਰੁਕ ਜਾਣਾ ਹੋਵੇ, ਕਿਉਂਜੋ 'ਸਾਡਾ ਵਾਦ' ਇਥੋਂ ਤਕ ਸੋਚਣ ਤੇ ਕਰਨ ਦੀ ਆਗਿਆ ਦਿੰਦਾ ਹੈ। ਇਹ ਖ਼ਾਸਾ ਅਸਲ ਵਿਚ ਮਾਰਕਸੀ ਚਿੰਤਨ ਦਾ ਅੰਗ ਨਹੀਂ। ਸਾਡੇ ਪੁਰਾਣੇ ਅਨੁਵਾਦਕਾਂ ਦੀ ਮਜਬੂਰੀ ਸੀ ਉਹ ਲੋਕ ਕਿੰਨੇ ਵੀ ਬਾਗ਼ੀ ਰਹੇ ਹੋਣ ਕਿੰਨੇ ਵੀ ਜਾਗਰੂਕ ਰਹੇ ਹੋਣ ਅਸਲ ਵਿਚ ਜਦੋਂ ਉਨ੍ਹਾਂ ਦੇ ਹੱਥਾਂ ਵਿਚ ਮਾਰਕਸਵਾਦ ਦੇ ਵਿਚਾਰਵਾਦ ਨੂੰ ਉਲਥਾਉਣ ਦਾ ਕੰਮ ਸੌਪਿਆ ਗਿਆ ਤਾਂ ਉਨ੍ਹਾਂ ਦੇ ਮਨਾਂ ਉੱਤੇ ਸ਼ੁਰੂਆਤੀ ਪੜਾਅ ਦਾ ਮਾਰਕਸੀ ਰੁਮਾਂਸਵਾਦ ਭਾਰੂ ਸੀ। ਨਵੀਂ ਨਵੀਂ ਮਾਰਕਸੀ ਰੌਸ਼ਨੀ ਮਿਲੀ ਸੀ ਪਰ ਪਰਵਾਰਕ ਪਿਛੋਕੜ ਗੈਰ ਮਾਰਕਸੀ ਸੀ ਜਿਸ ਦਾ ਪ੍ਰਭਾਵ ਕਿਤੇ ਨਾ ਕਿਤੇ ਉਨ੍ਹਾਂ ਉੱਤੇ ਵੀ ਪਿਆ ਹੋਇਆ ਸੀ। ਉਨ੍ਹਾਂ ਦੀਆਂ ਕੁਰਬਾਨੀਆਂ ਤੇ ਸਾਹਿਤਕ ਕਾਰਜਾਂ ਨੂੰ ਪਰਣਾਮ। ਜੇ ਕਿਤੇ ਉਸ ਦੌਰ ਦ ਅਨੁਵਾਦਕ  ਪਹਿਲੀ ਸੱਟੇ ਹੀ ਮਾਰਕਸੀ ਆਡੀਆਇਜ਼ਮ ਦਾ ਉਲੱਥਾ ਮਾਰਕਸੀ ਵਿਚਾਰਵਾਦ ਵਜੋਂ ਕਰ ਲੈਂਦੇ ਤਾਂ ਅੱਜ ਨੂੰ ਮਾਰਕਸੀ ਆਦਰਸ਼ਵਾਦ ਜਿਹਾ ਲਫਜ਼ ਸਾਡੇ ਹਿਰਦੇ ਨਾ ਵਲੂੰਧਰਦਾ ਤੁਰਿਆ ਆਉਂਦਾ। ਵਿਚਾਰਵਾਦ ਦਾ ਪਰਮ ਅਨੰਦ ਹੀ ਇਹ ਹੈ ਕਿ ਵਿਚਾਰਵਾਦੀ ਰੋਜ਼ ਆਪਣੇ ਆਪ ਨੂੰ ਬਦਲਣ ਲਈ ਤਿਆਰ ਰਹਿੰਦਾ ਹੈ ਤੇ ਆਦਰਸ਼ਵਾਦ ਨੂੰ ਸੱਚ ਨਾਲੋਂ ਬੰਧੇਜ ਤੇ ਵੱਖਰਤਾ ਨਾਲ ਮਤਲਬ ਹੁੰਦਾ ਹੈ। ਭਾਰਤੀ ਕਮਿਊਨਿਸਟਾਂ ਦੀ ਨਵੀਂ ਪੀੜ੍ਹੀ ਹੁਣ ਬਹੁਤ ਸਿਆਣੀ ਹੈ ਤੇ ਨਵੀਂ ਪੀੜ੍ਹੀ ਨੂੰ ਕੋਈ ਸੇਧ ਦੇਣ ਦੀ ਬਹੁਤੀ ਲੋੜ ਵੀ ਨਹੀਂ ਪਰ ਨਵੀਂ ਪੀੜ੍ਹੀ ਵੀ ਜੇ ਮਾਰਕਸਵਾਦ ਨੂੰ ਡੌਗਮਾ ਹੀ ਸਮਝੀ ਰਹੀ ਤਾਂ ਵਿਚਾਰਵਾਦ ਦੇ ਪਰਮ ਅਨੰਦ ਤੋਂ ਵਾਂਝੀ ਰਹਿ ਸਕਦੀ ਹੈ। ਵਿਚਾਰਵਾਦ ਤੋਂ ਵੱਧ ਕੇ ਕਿਤੇ ਕੋਈ ਮੁਕਤੀ ਨਹੀਂ। ਤੇ ਚੇਤੇ ਰਹੇ ਮਾਰਕਸਵਾਦ ਵੀ ਵਿਚਾਰਵਾਦ ਹੈ ਨਾ ਕਿ ਆਦਰਸ਼ਵਾਦ।

- ਵਾਹਦ ਫੀਚਰਜ਼ 

No comments:

Post a Comment