
ਬਲਦੇਵ ਸਿੰਘ 'ਸੜਕਨਾਮਾ' ਨੇ ਇਤਿਹਾਸਕ ਨਾਇਕ ਦੁੱਲਾ ਭੱਟੀ ਨੂੰ ਆਪਣੇ ਨਾਵਲ ਜ਼ਰੀਏ ਲੋਕ-ਮਨਾਂ ਵਿਚ ਸੁਰਜੀਤ ਕੀਤਾ ਹੈ। ਜਿਸ ਸਦਕਾ ਉਨ੍ਹਾਂ ਨੂੰ ਭਾਰਤੀ ਸਾਹਿਤ ਅਕਾਦਮੀ ਵਲੋਂ ਸਾਹਿਤ ਅਕਾਦਮੀ ਪੁਰਸਕਾਰ 14 ਫਰਵਰੀ ਨੂੰ ਦਿੱਲੀ ਵਿਖੇ ਦਿੱਤਾ ਜਾਵੇਗਾ। ਜਿਸ ਵਿਚ 1 ਲੱਖ ਰੁਪਏ ਦੀ ਰਕਮ ਤੋਂ ਇਲਾਵਾ ਇਕ ਸ਼ਾਲ ਤੇ ਇਕ ਯਾਦਗਾਰੀ ਚਿਨ੍ਹ ਸ਼ਾਮਲ ਹਨ। ਯਾਦ ਰਹੇ ਇਹ ਇਨਾਮ ਸਾਰੇ ਭਾਰਤ ਵਿਚ ਹਰੇਕ ਬੋਲੀ ਦੇ ਇਕ ਲਿਖਾਰੀ ਨੂੰ ਹੀ ਮਿਲਦਾ ਹੈ। ਜੋ ਇਸ ਵਾਰ ਭਾਰਤ ਦੇ ਵੱਖ ਵੱਖ ਬੋਲੀਆਂ ਦੇ 22 ਲਿਖਾਰੀਆਂ ਨੂੰ ਦਿੱਤਾ ਜਾ ਰਿਹਾ ਹੈ। ਇਹ ਭਾਰਤ ਦਾ ਸਭ ਤੋਂ ਵੱਡਾ ਸਾਹਿਤਕ ਪੁਰਸਕਾਰ ਹੈ। ਬਲਦੇਵ ਸਿੰਘ ਤੋਂ ਪਹਿਲਾਂ ਇਹ ਪੁਰਸਕਾਰ ਜਸਵੰਤ ਸਿੰਘ ਕੰਵਲ ਦੇ ਨਾਵਲ ਤੌਸ਼ਾਲੀ ਦੀ ਹੰਸੋ, ਗੁਰਦਿਆਲ ਸਿੰਘ ਦੇ ਨਾਵਲ ਮੜੀ ਦਾ ਦੀਵਾ ਅਤੇ ਰਾਮ ਸਰੂਪ ਦੇ ਅਣਖੀ ਦੇ ਨਾਵਲ ਕੋਠੇ ਖੜਕ ਸਿੰਘ ਨੂੰ ਵੀ ਮਿਲ ਚੁੱਕਾ ਹੈ। ਕੁਝ ਪਲ ਉਨ੍ਹਾਂ ਨਾਲ ਬੈਠਣ ਦਾ ਮੌਕਾ ਮਿਲਿਆ। ਇਕ ਨਿੱਕੀ ਜਿਹੀ ਮੁਲਾਕਾਤ ਦੀ ਗੱਲਬਾਤ ਇਵੇਂ ਹੈ—
--
? ਬਲਦੇਵ ਸਿੰਘ ਜੀ, ਮੁਢਲੇ ਜੀਵਨ ਤੇ ਸਾਹਿਤਕ ਸਫਰ ਬਾਰੇ ਦੱਸੋ।
- ਮੇਰਾ ਸਾਹਿਤਕ ਜੀਵਨ ਅਸਲ ਵਿਚ 1976-77 ਵਿਚ ਸ਼ੁਰੂ ਹੁੰਦਾ ਹੈ। ਪਰ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ ਇਸ ਖੇਤਰ ਨੂੰ ਪੂਰੀ ਤਰਾਂ ਸਮਰਪਤ ਹੋ ਜਾਵਾਗਾਂ। ਕਲਕੱਤਾ ਵਿਚ ਮੈਂ ਟ੍ਰਾਂਸਪੋਰਟ ਕਿੱਤੇ ਨਾਲ ਸਬੰਧਤ ਰਿਹਾਂ, ਡਰਾਈਵਰ ਤਬਕੇ ਦੇ ਦੁੱਖਾਂ ਦਰਦਾਂ ਨੂੰ ਮੈਂ ਨੇੜਿਓਂ ਵੇਖਿਆ ਤੇ ਹੰਢਾਇਆ ਹੈ। ਉਹਨਾਂ ਬਾਰੇ 'ਸੜਕਨਾਮਾ' ਕਾਲਮ ਵਿਚ ਮੈਂ ਜੋ ਲਿਖਿਆ ਨੂੰ ਅਮ੍ਰਿਤਾ ਪ੍ਰੀਤਮ ਨੇ ਆਪਣੇ ਰਸਾਲੇ 'ਨਾਗਮਣੀ' ਵਿਚ ਲਗਾਤਾਰ 20 ਸਾਲ ਛਾਪਿਆ। ਇਹ ਕਾਲਮ ਏਨਾਂ ਮਕਬੂਲ ਹੋਇਆ ਕਿ ਸੜਕਨਾਮਾ ਮੇਰੀ ਪਛਾਣ ਬਣ ਗਿਆ। ਇਸ ਦੇ ਨਾਲ ਹੀ ਮੇਰਾ ਰੁਝਾਨ ਕਹਾਣੀਆਂ, ਨਾਵਲਾਂ ਤੇ ਨਾਟਕ ਲਿਖਣ ਵੱਲ ਹੋ ਗਿਆ। ਕਲਕੱਤਾ ਰਹਿੰਦੇ ਹੋਏ 1985 ਤੱਕ ਮੇਰੇ ਤਿੰਨ ਕਹਾਣੀ ਸੰਗ੍ਰਹਿ, ਤਿੰਨ ਨਾਵਲ ਤੇ ਸੜਕਨਾਮਾ ਛੱਪ ਚੁੱਕੇ ਸਨ। ਮੇਰਾ ਪਿਛੋਕੜ ਨਿਰੋਲ ਪੇਂਡੂ ਹੈ। ਮੋਗਾ ਦੇ ਲਾਗਲੇ ਪਿੰਡ ਚੰਦ ਨਵਾਂ ਵਿਖੇ ਮੇਰਾ ਜਨਮ 1942 ਵਿਚ ਸਧਾਰਨ ਕਿਸਾਨ ਹਰਦਿਆਲ ਸਿੰਘ ਦੇ ਘਰ ਹੋਇਆ। ਚੰਦ ਨਵਾਂ ਤੋਂ ਦਸਵੀਂ ਕਰਕੇ ਮੈਂ 1962 ਵਿਚ ਮੋਗਾ ਦੇ ਡੀ. ਐਮ. ਕਾਲਜ ਤੋਂ ਬੀ. ਏ. ਕੀਤੀ ਤੇ 1963 ਵਿਚ ਡੀ. ਐਮ. ਕਾਲਜ ਆਫ ਐਜੂਕੇਸ਼ਨ ਤੋਂ ਬੀ. ਐੱਡ ਕੀਤੀ। ਤਿੰਨ ਸਾਲ ਪੰਜਾਬ ਵਿਚ ਅਤੇ ਤਿੰਨ ਸਾਲ ਹਿਮਾਚਲ ਪ੍ਰਦੇਸ਼ ਵਿਚ ਸਰਕਾਰੀ ਅਧਿਆਪਕ ਰਿਹਾ। ਸਰਕਾਰੀ ਅਧਿਆਪਕੀ ਰਾਸ ਨਾ ਆਉਣ ਕਾਰਨ ਮੈਂ ਕਲਕੱਤਾ ਚਲੇ ਗਿਆ ਤੇ ਟ੍ਰਾਂਸਪੋਰਟ ਦੇ ਧੰਦੇ ਵਿਚ ਪੈ ਗਿਆ ਤੇ ਨਾਲ ਦੀ ਨਾਲ ਹੀ ਟ੍ਰਾਂਸਪੋਰਟ ਨਾਲ ਸਬੰਧਤ ਡਰਾਈਵਰਾਂ, ਖਲਾਸੀਆਂ, ਸੜਕਾਂ ਤੇ ਢਾਬਿਆਂ ਬਾਰੇ ਨਿੱਜੀ ਤਜਰਬਿਆਂ ਨੂੰ ਕਲਮਬੱਧ ਕਰਦਾ ਰਿਹਾ।
ਹੁਣ ਤੱਕ ਕਿੰਨਾਂ ਕੁਝ ਲਿਖ ਚੁੱਕੇ ਹੋ?
-ਹੁਣ ਤੱਕ ਮੈਂ 50 ਤੋਂ ਵੱਧ ਪੁਸਤਕਾਂ ਲਿਖ ਚੁੱਕਾਂ ਹਾਂ। ਜਿਨ੍ਹਾਂ ਵਿਚ ਕਹਾਣੀਆਂ, ਨਾਵਲ, ਨਾਟਕ, ਬਾਲ ਸਾਹਿਤ ਤੇ ਸਫਰਨਾਮਾ ਆਦਿ ਸ਼ਾਮਲ ਹਨ। ਮੇਰੇ ਨਾਵਲ ਲਾਲ ਬੱਤੀ, ਅੰਨ੍ਹ ਦਾਤਾ, ਪੰਜਵਾਂ ਸਾਹਿਜ਼ਜਾਦਾ, ਸਤਲੁਜ ਵਹਿੰਦਾ ਰਿਹਾ ਤੇ ਮਹਾਬਲੀ ਸੂਰਮਾ ਆਦਿ ਬਹੁਤ ਚਰਚਿਤ ਨਾਵਲ ਰਹੇ ਹਨ। ਇਹ ਨਾਵਲ 'ਢਾਵਾਂ ਦਿੱਲੀ ਦੇ ਕਿੰਗਰੇ' ਦੁੱਲਾ ਭੱਟੀ ਦੇ ਜੀਵਨ ਦਾ ਨਾਵਲੀਕਰਣ ਹੈ, ਜੀਹਨੇ ਅਕਬਰ ਵਰਗੇ ਤਾਕਤਵਰ ਸ਼ਹਿਨਸ਼ਾਹ ਨੂੰ ਵੰਗਾਰਿਆ ਤੇ ਸ਼ਹਿਨਸ਼ਾਹ ਦੇ ਜ਼ੁਲਮਾਂ ਤੋਂ ਤੰਗ ਆਏ ਕਿਸਾਨਾਂ ਤੇ ਹੋਰਨਾਂ ਵਿਦਰੋਹੀਆਂ ਨੂੰ ਲਾਮਬੱਧ ਕਰ ਕੇ ਉਹਨਾਂ ਵਿਚ ਸ਼ਾਹੀ ਫੌਜਾਂ ਵਿਰੁੱਧ ਡਟਣ ਦੀ ਜੁਅਰਤ ਪੈਦਾ ਕੀਤੀ। ਮੇਰੇ ਇਸ ਨਾਵਲ ਨੂੰ ਸਾਹਿਤ ਅਕਾਦਮੀ ਵਲੋਂ ਇਨਾਮ ਮਿਲਣ ਤੇ ਇਹ ਸਾਬਤ ਹੁੰਦਾ ਹੈ ਕਿ ਮੇਰੇ ਇਤਿਹਾਸਕ ਨਾਵਲ ਨੂੰ ਮਾਨਤਾ ਮਿਲੀ ਹੈ। ਪਹਿਲਾਂ ਮਿਲੇ ਮਾਣ ਸਨਮਾਨਾਂ ਬਾਰੇ ਦੱਸੋ?
-ਇਹ ਇਨਾਮ ਮਿਲਣ ਤੋਂ ਪਹਿਲਾਂ ਪੰਜਾਬ ਦੀਆਂ ਅਨੇਕਾਂ ਸਾਹਿਤਕ ਸਭਾਵਾਂ ਤੇ ਸੰਸਥਾਵਾਂ ਵਲੋਂ ਵਲੋਂ ਮੈਨੂੰ ਮੈਕਸਿਮ ਗੋਰਕੀ ਅਵਾਰਡ, ਕਥਾ ਅਵਾਰਡ ਦਿੱਲੀ, ਨਾਗਮਣੀ ਅਵਾਰਡ, ਕਰਤਾਰ ਸਿੰਘ ਧਾਲੀਵਾਲ ਯਾਦਗਾਰੀ ਪੁਰਸਕਾਰ, ਕੇਵਲ ਵਿੱਗ ਅਵਾਰਡ ਤੋਂ ਇਲਾਵਾ ਇਲਾਕੇ ਦੀਆਂ ਸਮਾਜਕ, ਧਾਰਮਕ ਤੇ ਰਾਜਨੀਤਕ ਅਦਾਰਿਆ ਵਲੋਂ ਅਨੇਕਾਂ ਵਾਰ ਸਨਮਾਨਤ ਕੀਤਾ ਗਿਆ ਹਾਂ। ਇਹ ਫਹਿਰਿਸਤ ਬਹੁਤ ਲੰਬੀ ਹੈ। ਪਰ ਅੱਜ ਮੇਰੇ ਲਈ ਭਾਰਤੀ ਸਾਹਿਤ ਅਕਾਦਮੀ ਦੇ ਅਵਾਰਡ ਨਾਲੋਂ ਲੋਕਾਂ ਅਤੇ ਪਾਠਕਾਂ ਵਲੋਂ ਮਿਲੇ ਮਾਣ ਸਨਮਾਨ ਜਿਆਦਾ ਅਹਿਮੀਅਤ ਰੱਖਦੇ ਨੇ।
? ਸਾਹਿਤ ਅਕਾਦਮੀ ਦਾ ਇਨਾਮ ਮਿਲਣ ਤੇ ਤੁਸੀਂ ਕੀ ਮਹਿਸੂਸ ਕਰਦੇ ਹੋ।
-ਮੈਂ ਸਮਝਦਾਂ ਕਿ ਸਨਮਾਨ ਲੈਣ ਦੀ ਇਕ ਰੁੱਤ ਹੁੰਦੀ ਹੈ ਜਿਹੜੀ ਕਿ 8-10 ਸਾਲ ਪਹਿਲਾਂ ਲੰਘ ਗਈ ਪ੍ਰਤੀਤ ਹੁੰਦੀ ਹੈ ਫੇਰ ਵੀ ਇਹ ਸਨਮਾਨ ਮਿਲਣ ਤੇ ਮੈਂ ਜਿਹੜੇ ਵਿਦਵਾਨ ਇਸ ਚੋਣ ਨਾਲ ਸਬੰਧਤ ਹਨ, ਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਮੇਰੀ 35 ਸਾਲ ਦੀ ਸਾਹਿਤਕ ਘਾਲਣਾ ਨੂੰ ਮਹਿਸੂਸ ਕੀਤਾ ਹੈ ਤੇ ਮੇਰੇ ਇਤਿਹਾਸਕ ਨਾਵਲਾਂ ਨੂੰ ਮਾਨਤਾ ਦਿੱਤੀ ਹੈ। ਮੈਨੂੰ ਇਹ ਪੁਰਸਕਾਰ ਮਿਲਣ ਤੇ ਅਸੀਮ ਖੁਸ਼ੀ ਹੈ ਤੇ ਖੁਸ਼ੀ ਹੋਣੀ ਵੀ ਚਾਹੀਦੀ ਹੈ।
_ਅਮਰਜੀਤ ਬੱਬਰੀ
No comments:
Post a Comment